ਪਟਿਆਲਾ/ਜਲੰਧਰ 13ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਬਹੁਜਨ ਸਮਾਜ ਪਾਰਟੀ ਪੰਜਾਬ ਵਲੋਂ ਜਾਰੀ ਪ੍ਰੈਸ ਨੋਟ ਵਿੱਚ ਕਿਹਾ ਗਿਆ ਕਿ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਹੁਕਮ ਅਨੁਸਾਰ ਅਤੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਨੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਸਪਾ ਦੇ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਸ਼੍ਰੀ ਜਗਜੀਤ ਛੜਬੜ੍ਹ ਜੀ ਹੋਣਗੇ। ਕੇਂਦਰੀ ਕੋਆਰਡੀਨੇਟਰ ਸ਼੍ਰੀ ਬੈਣੀਵਾਲ ਜੀ ਨੇ ਕਿਹਾ ਕਿ ਜਲਦ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ ਤੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਜਾਣਗੇ, ਸਾਰੇ ਉਮੀਦਵਾਰਾਂ ਦੇ ਪੈਨਲ ਤੇ ਅੰਤਿਮ ਫੈਂਸਲਾ ਭੈਣ ਕੁਮਾਰੀ ਮਾਇਆਵਤੀ ਜੀ ਵਲੋਂ ਲਿਆ ਜਾ ਰਿਹਾ ਹੈ। ਬਸਪਾ ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਪਟਿਆਲਾ ਲੋਕ ਸਭਾ ਦੀ ਰਜਵਾੜਾਸ਼ਾਹੀ ਦਾ ਮੁਕਾਬਲਾ ਪੰਥਕ ਚੇਹਰਾ ਬਸਪਾ ਉਮੀਦਵਾਰ ਸ਼੍ਰੀ ਜਗਜੀਤ ਛੜਬੜ ਕਰੇਗਾ। ਸ ਗੜ੍ਹੀ ਨੇ ਦੱਸਿਆ ਕਿ ਬਸਪਾ ਦੇ ਇਸ ਐਲਾਨ ਨਾਲ ਹੁਣ ਤੱਕ ਚਾਰ ਉਮੀਦਵਾਰਾਂ ਦਾ ਐਲਾਨ ਬਸਪਾ ਵਲੋਂ ਕੀਤਾ ਜਾ ਚੁੱਕਾ ਹੈ, ਜਿਸ ਵਿਚ ਪਹਿਲਾਂ ਤੋਂ ਹੁਸ਼ਿਆਰਪੁਰ ਤੋਂ ਰਾਕੇਸ਼ ਕੁਮਾਰ ਸੁੰਮਨ, ਫਿਰੋਜ਼ਪੁਰ ਤੋਂ ਸ਼੍ਰੀ ਸੁਰਿੰਦਰ ਕੰਬੋਜ਼,ਸੰਗਰੂਰ ਤੋਂ ਡਾ ਮੱਖਣ ਸਿੰਘ ਦੇ ਨਾਮ ਦਾ ਐਲਾਨ ਹੋ ਚੁੱਕਾ ਹੈ।
ਸ ਗੜ੍ਹੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸ਼੍ਰੀ ਛੜਬੜ ਧਾਰਮਿਕ ਤੇ ਸਮਾਜਿਕ ਪਿਛੋਕੜ ਨਾਲ ਸਬੰਧਿਤ ਹਨ। ਸ਼੍ਰੀ ਛੜਬੜ੍ਹ ਬਸਪਾ ਦੇ ਜਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਅਤੇ ਮੌਜੂਦਾ ਸੂਬਾ ਜਨਰਲ ਸਕੱਤਰ ਹਨ। ਸ਼੍ਰੀ ਛੜਬੜ੍ਹ ਬਹੁਜਨ ਸਮਾਜ ਪਾਰਟੀ ਵਲੋਂ 2012 ਵਿੱਚ ਰਾਜਪੁਰਾ ਤੋਂ ਅਤੇ 2017 ਘਨੌਰ ਵਿਧਾਨ ਸਭਾ ਤੋਂ ਚੋਣ ਲੜ ਚੁੱਕੇ ਹਨ। ਸ਼੍ਰੀ ਛਰਬੜ੍ਹ ਨੇ ਸਾਲ 2020 ਵਿੱਚ ਕਿਸਾਨ ਅੰਦੋਲਨ ਵੇਲੇ ਸੰਤ ਸਮਾਜ ਦੀ ਅਗਵਾਈ ਵਿੱਚ ਟੋਲ ਪਲਾਜ਼ਾ ਅਜੀਜਪੁਰ ਜੋਕਿ ਚੰਡੀਗੜ੍ਹ ਪਟਿਆਲਾ ਰੋਡ ਤੇ ਸਥਿਤ ਹੈ, ਵਿਖੇ ਸੰਘਰਸ਼ਸ਼ੀਲ ਕਿਸਾਨਾਂ ਲਈ ਲਗਾਤਾਰ ਲੰਗਰਾਂ ਦਾ ਪ੍ਰਬੰਧ ਕਰਨ ਦੇ ਨਾਲ ਨਾਲ ਹੋਰ ਕੰਮਾਂ ਵਿਚ ਸਰਗਰਮ ਭੂਮਿਕਾ ਅਦਾ ਕੀਤੀ। ਉਹ ਧਾਰਮਿਕ ਤੌਰ ਤੇ ਕਾਰ ਸੇਵਾ ਕਰ ਰਹੇ ਸੰਤਾਂ ਮਹਾਂਪੁਰਸ਼ਾਂ ਨਾਲ ਹਜ਼ੂਰ ਸਾਹਿਬ ਵਿਖੇ ਪ੍ਰਮੁੱਖਤਾ ਨਾਲ ਸੇਵਾ ਕਰਦੇ ਹਨ। ਸ਼੍ਰੀ ਛਰਬੜ ਜੀ ਸਹੀਦ ਬਾਬਾ ਸੰਗਤ ਸਿੰਘ ਜੀ ਅਤੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਪਿੰਡ ਛੜਬੜ੍ਹ ਤੋਂ ਚਮਕੌਰ ਸਾਹਿਬ ਤੱਕ ਪਿਛਲੇ 12 ਸਾਲਾਂ ਤੋਂ ਲਗਾਤਾਰ ਸੰਤ ਸਮਾਜ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੱਢ ਰਹੇ ਹਨ।