ਚੰਡੀਗੜ੍ਹ, ਬੋਲੇ ਪੰਜਾਬ ਬਿਉਰੋ: ਕਵਿਤਾ ਖੰਨਾ ਨੇ ਐਲਾਨ ਕੀਤਾ ਹੈ ਕਿ ਉਹ 2024 ਦੀਆਂ ਲੋਕ ਸਭਾ ਚੋਣ ਨਹੀਂ ਲੜਨਗੇ। ਪਹਿਲਾਂ ਇਹ ਖ਼ਬਰਾਂ ਆ ਰਹੀਆਂ ਸਨ ਕਿ ਉਹ ਭਾਜਪਾ ਦੇ ਖਿਲਾਫ ਜਾ ਕੇ ਚੋਣ ਮੈਦਾਨ ‘ਚ ਉਤਰ ਸਕਦੇ ਹਨ। ਦਰਅਸਲ ਭਾਜਪਾ ਵੱਲੋਂ ਗੁਰਦਾਸਪੁਰ ਲੋਕ ਸਭਾ ਸੀਟ ਦੇ ਲਈ ਦਿਨੇਸ਼ ਸਿੰਘ ਬੱਬੂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਵੀ ਕਵਿਤਾ ਖੰਨਾ ਨੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ਲਈ ਦਾਵੇਦਾਰੀ ਕੀਤੀ ਸੀ। ਪਰ ਸਾਰੇ ਸਥਾਨਕ ਨੇਤਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਪਾਰਟੀ ਨੇ ਸੰਨੀ ਦਿਓਲ ਨੂੰ ਮੈਦਾਨ ਵਿੱਚ ਉਤਾਰਿਆ ਸੀ । ਸਵਰਨ ਸਲਾਰੀਆ ਜਿਸ ਨੇ ਕਵਿਤਾ ਖੰਨਾ ਦੇ ਨਾਲ ਜ਼ਿਮਨੀ ਚੋਣ ਲੜੀ ਸੀ, ਉਨ੍ਹਾਂ ਨੇ ਪਾਰਟੀ ਹਾਈ ਕਮਾਂਡ ਅੱਗੇ ਝੁਕ ਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸੰਨੀ ਦਿਓਲ ਨੂੰ ਸਮਰਥਨ ਦਿੱਤਾ ਸੀ।
2024 ਦੀਆਂ ਲੋਕਸਭਾ ਚੋਣਾਂ ‘ਚ ਗੁਰਦਾਸਪੁਰ ਸੰਸਦੀ ਹਲਕੇ ਦੇ ਲੋਕਾਂ ਨੂੰ ਪੂਰੀ ਉਮੀਦ ਸੀ ਕਿ ਪਾਰਟੀ ਕਵਿਤਾ ਖੰਨਾ ਨੂੰ ਮੈਦਾਨ ਵਿੱਚ ਉਤਾਰੇਗੀ। ਪਰ ਪਾਰਟੀ ਨੇ ਦਿਨੇਸ਼ ਸਿੰਘ ਬੱਬੂ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਬਾਅਦ ਕਵਿਤਾ ਖੰਨਾ ਨੇ ਇਹ ਐਲਾਨ ਕੀਤਾ ਹੈ ਕਿ ਉਹ ਚੋਣ ਨਹੀਂ ਲੜਨਗੇ । ਇਸ ਸਬੰਧੀ ਗੱਲਬਾਤ ਕਰਦਿਆਂ ਕਵਿਤਾ ਖੰਨਾ ਨੇ ਕਿਹਾ ਕਿ ਉਹ ਪਿਛਲੇ ਕਈ ਸਾਲਾਂ ਤੋਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਵੀ ਲੋਕਾਂ ਨੇ ਉਨ੍ਹਾਂ ਨੂੰ ਬਹੁਤ ਪਿਆਰ ਕੀਤਾ। ਗੁਰਦਾਸਪੁਰ ਹਲਕਾ ਮੇਰਾ ਪਰਿਵਾਰ ਹੈ। ਮੈਂ ਇੱਥੇ ਕਵਿਤਾ ਅਤੇ ਵਿਨੋਦ ਖੰਨਾ ਫਾਊਂਡੇਸ਼ਨ ਦੀ ਸਥਾਪਨਾ ਵੀ ਕੀਤੀ ਹੈ।
ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਰਾਜਨੀਤੀ ਲੋਕਾਂ ਦੀ ਸੇਵਾ ਕਰਨ ਦਾ ਮੰਚ ਪ੍ਰਦਾਨ ਕਰਦੀ ਹੈ। ਜੋ ਕਿ ਹੋਰ ਕਿਤੇ ਨਹੀਂ ਮਿਲਦਾ, ਇਸ ਲਈ ਮੈਂ ਫੈਸਲਾ ਕੀਤਾ ਹੈ ਕਿ ਜਿਸ ਤਰ੍ਹਾਂ ਵਿਨੋਦ ਖੰਨਾ ਨੇ ਲੋਕਾਂ ਦੀ ਸੇਵਾ ਕੀਤੀ ਹੈ, ਮੈਂ ਵੀ ਉਹੀ ਸੇਵਾ ਕਰਾਂਗੀ ਅਤੇ ਕਰਦੀ ਰਹਾਂਗੀ। ਜਦੋਂ ਉਨ੍ਹਾਂ ਨੂੰ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਅਜੇ ਇਹ ਫੈਸਲਾ ਨਹੀਂ ਲਿਆ ਹੈ। ਪਰ ਮੈਂ ਇਹ ਜ਼ਰੂਰ ਰਹਾਂਗੀ ਕਿ ਸਾਰੀਆਂ ਪਾਰਟੀਆਂ ਵਧੀਆ ਹਨ।