ਬੋਲੇ, ਨਾਰਾਇਣ ਸਿੰਘ ਲਈ ਕੋਈ ਵੱਡਾ ਵਕੀਲ ਕਰ ਕੇ ਉਸ ਨੂੰ ਜਲਦ ਰਿਹਾਅ ਕਰਵਾਉਣਾ ਚਾਹੀਦਾ
ਲੁਧਿਆਣਾ, 7 ਦਸੰਬਰ,ਬੋਲੇ ਪੰਜਾਬ ਬਿਊਰੋ :
ਕੁਝ ਦਿਨ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਹਿਰੇਦਾਰੀ ਦੀ ਸੇਵਾ ਨਿਭਾਉਂਦਿਆਂ ਸੁਖਬੀਰ ਬਾਦਲ ਉੱਪਰ ਹਮਲੇ ਦੇ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਤੰਜ ਕੱਸਦਿਆਂ ਬਿਆਨ ਦਿੱਤਾ ਹੈ।ਉਨ੍ਹਾਂ ਕਿਹਾ ਕਿ ਸਾਰੇ ਅਕਾਲੀ ਦਲ ਨੂੰ ਮਿਲ ਕੇ ਨਾਰਾਇਣ ਸਿੰਘ ਚੌੜਾ ਨੂੰ ਸਨਮਾਨਿਤ ਕਰਨਾ ਚਾਹੀਦਾ ਹੈ। ਨਾਰਾਇਣ ਸਿੰਘ ਚੌੜਾ ਦੀ ਸੁਖਬੀਰ ਸਿੰਘ ਬਾਦਲ ਨਾਲ ਕੋਈ ਨਿੱਜੀ ਦੁਸ਼ਮਣੀ ਜਾਂ ਵੈਰ ਵਿਰੋਧ ਨਹੀਂ ਸੀ। ਉਸਨੇ ਭਾਵਨਾਵਾਂ ਵਿੱਚ ਆ ਕੇ ਸੁਖਬੀਰ ਬਾਦਲ ਉੱਤੇ ਗੋਲੀ ਚਲਾਈ। ਇਹ ਗੋਲੀ ਸੁਖਬੀਰ ਬਾਦਲ ਨੂੰ ਨਹੀਂ ਲੱਗੀ ਬਲਕਿ ਦਰਬਾਰ ਸਾਹਿਬ ਦੀ ਇੱਕ ਕੰਧ ਉੱਤੇ ਜਾ ਕੇ ਲੱਗੀ। ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਉਨ੍ਹਾਂ ਲਈ ਉਸ ਤੋਂ ਵੱਡਾ ਕੁੱਝ ਨਹੀਂ ਹੈ।
ਬਿੱਟੂ ਨੇ ਤੰਜ ਕੱਸਦਿਆਂ ਕਿਹਾ ਕਿ ਉਹ ਚੌੜਾ ਦੀ ਫੋਟੋ ਲਾ ਕੇ ਉਸ ਨੂੰ ਸਨਮਾਨ ਦੇਣ ਜਿਵੇਂ ਕਿ ਬਿਕਰਮ ਮਜੀਠੀਆ ਤੇ ਸੁਖਬੀਰ ਬਾਦਲ ਬਾਕੀ ਦੇ ਹਮਲਾਵਰਾਂ ਨੂੰ ਵੀ ਦਿੰਦੇ ਰਹੇ ਹਨ। ਬਿੱਟੂ ਨੇ ਹਮਲਾਵਰ ਨੂੰ ‘ਕੌਮ ਦਾ ਹੀਰਾ’ ਆਖਿਆ ਹੈ।ਉਨ੍ਹਾਂ ਕਿਹਾ ਕਿ ਨਾਰਾਇਣ ਸਿੰਘ ਚੌੜਾ ਦੀ ਤਸਵੀਰ ਮਿਊਜ਼ੀਅਮ ਵਿੱਚ ਵੀ ਲਗਾਉਣੀ ਚਾਹੀਦੀ ਹੈ। ਇਸ ਹਮਲੇ ਦਾ ਅਤਿਵਾਦੀਆਂ ਤੇ ਗੈਂਗਸਟਰਾਂ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ। ਨਾਰਾਇਣ ਸਿੰਘ ਨੇ ਬੇਅਦਬੀ ਨਾ ਸਹਿੰਦਿਆਂ ਹੋਇਆ ਹੀ ਸੁਖਬੀਰ ਬਾਦਲ ‘ਤੇ ਗੋਲੀ ਚਲਾਈ ਹੈ।
ਰਵਨੀਤ ਬਿੱਟੂ ਨੇ ਕਿਹਾ ਕਿ ਹੁਣ ਸੁਖਬੀਰ ਬਾਦਲ ਤੇ ਹਰਜਿੰਦਰ ਸਿੰਘ ਧਾਮੀ ਨੂੰ ਨਾਰਾਇਣ ਸਿੰਘ ਲਈ ਕੋਈ ਵੱਡੇ ਤੋਂ ਵੱਡਾ ਵਕੀਲ ਕਰ ਕੇ ਇਸ ਨੂੰ ਜਲਦ ਹੀ ਰਿਹਾਅ ਕਰਵਾਉਣਾ ਚਾਹੀਦਾ ਹੈ।
ਤੰਜ਼ ਕੱਸਦਿਆਂ ਰਵਨੀਤ ਬਿੱਟੂ ਨੇ ਕਿਹਾ ਕਿ ਨਾਰਾਇਣ ਸਿੰਘ ਚੌੜਾ ਬਜ਼ੁਰਗ ਵਿਅਕਤੀ ਹੈ। ਪੁਲਿਸ ਉਸ ਨੂੰ ਰਿਮਾਂਡ ਉੱਤੇ ਲੈ ਕੇ ਮਾਰਕੁੱਟ ਕਰ ਰਹੀ ਹੋਵੇਗੀ। ਮਜੀਠੀਆ ਜਿਵੇਂ ਰਾਜੋਆਣਾ ਦੀ ਭੈਣ ਨੂੰ ਲੈ ਕੇ ਉਸ ਨੂੰ ਜ਼ੇਲ੍ਹ ਵਿੱਚ ਫਲ- ਫਰੂਟ ਲੈ ਕੇ ਜਾਂਦਾ ਸੀ ਉਸੇ ਤਰ੍ਹਾਂ ਉਹ ਨਾਰਾਇਣ ਸਿੰਘ ਲਈ ਲੈ ਕੇ ਜਾਵੇ।