ਕੈਨੇਡਾ ’ਚ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ
ਸ੍ਰੀ ਅਨੰਦਪੁਰ ਸਾਹਿਬ, 25 ਨਵੰਬਰ,ਬੋਲੇ ਪੰਜਾਬ ਬਿਊਰੋ :
ਸ੍ਰੀ ਅਨੰਦਪੁਰ ਸਾਹਿਬ ਜਿਲ੍ਹੇ ਦੇ ਪਿੰਡ ਢੇਰ ਦੇ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ।ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 34 ਸਾਲਾ ਪ੍ਰਿਤਪਾਲ ਸਿੰਘ ਪੁੱਤਰ ਬਿਕਰਮ ਸਿੰਘ ਭੰਗਲ ਕਰੀਬ ਇਕ ਸਾਲ ਪਹਿਲਾਂ ਪਰਿਵਾਰ ਸਮੇਤ ਕੈਨੇਡਾ ਗਿਆ ਸੀ। ਉਹ ਸਰੀ ਸ਼ਹਿਰ ’ਚ ਟਰਾਲਾ ਚਲਾਉਂਦਾ ਸੀ।
ਜਾਣਕਾਰੀ ਅਨੁਸਾਰ ਐਤਵਾਰ ਨੂੰ ਬਰਫ਼ ਕਾਰਨ ਟਰਾਲਾ ਸਲਿਪ ਹੋਣ ਮਗਰੋਂ ਪਲਟ ਗਿਆ। ਇਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।ਇਹ ਵੀ ਪਤਾ ਲੱਗਾ ਹੈ ਕਿ ਪਿੰਡ ’ਚ ਉਸ ਦੇ ਛੋਟੇ ਭਰਾ ਦਾ ਵਿਆਹ ਰੱਖਿਆ ਹੋਇਆ ਸੀ। ਐਤਵਾਰ ਨੂੰ ਜਦੋਂ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਹੋਣਾ ਸੀ ਉਸੇ ਵੇਲੇ ਕੈਨੇਡਾ ਪੁਲਿਸ ਨੇ ਪ੍ਰਿਤਪਾਲ ਦੀ ਮੌਤ ਦੀ ਖ਼ਬਰ ਦਿੱਤੀ। ਇਸ ਦੇ ਨਾਲ ਹੀ ਘਰ ‘ਚ ਵਿਆਹ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ। ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇਹ ਭਾਰਤ ਲਿਆਉਣ ’ਚ ਮਦਦ ਕੀਤੀ ਜਾਵੇ।