ਪਰਵਾਸ ਜ਼ਿੰਦਗੀ ਦਾ ਕੌੜਾ ਸੱਚ ਬਿਆਨਦੀ ਫ਼ਿਲਮ “ਵੱਡਾ ਘਰ”

ਮਨੋਰੰਜਨ

  ਪਰਵਾਸ ਜ਼ਿੰਦਗੀ ਦਾ ਕੌੜਾ ਸੱਚ ਬਿਆਨਦੀ ਫ਼ਿਲਮ “ਵੱਡਾ ਘਰ”

ਕਾਮੇਡੀ ਅਤੇ ਮਨੋਰੰਜਨ ਦੀਆਂ ਫਿਲਮਾਂ ਤੋਂ ਬਾਅਦ ਪੰਜਾਬੀ ਸਿਨਮੇ ਨੇ ਹੁਣ ਸਮਾਜਿਕ ਕਦਰਾਂ – ਕੀਮਤਾਂ ਦੀ ਗੱਲ ਕਰਦੀਆਂ, ਪੰਜਾਬ ਦੇ ਹੱਡੀਂ ਰਚੀਆਂ ਕਹਾਣੀਆਂ ਪਰਦੇ ‘ਤੇ ਵਿਖਾਉਣ ਦਾ ਜਿਗਰਾ ਕੀਤਾ ਹੈ।ਵਰਿਦਰ ਦੇ ਸਮਿਆਂ  ਦਾ ਪੰਜਾਬੀ ਸਿਨਮਾ ਪਿੰਡ ਦੀਆਂ ਸੱਥਾਂ ਅਤੇ ਖੇਤਾਂ ਦੀਆਂ ਵੱਟਾਂ  ਤੱਕ ਸੀਮਤ ਸੀ ਜਦ ਕਿ ਅੱਜ ਦੇ ਸਿਨਮੇ ਨੇ ਸੱਤ ਸੁੰਮਦਰੋਂ ਪਾਰ ਬੈਠੇ ਪੰਜਾਬੀਆਂ ਦੀਆਂ ਭਾਵਨਾਵਾਂ ਨੂੰ ਕੈਸ਼ ਕੀਤਾ ਹੈ।

ਜਸਵੀਰ ਗੁਣਾਚੌਰੀਆ ਪੰਜਾਬੀ ਦਾ ਇੱਕ ਨਾਮਵਰ ਗੀਤਕਾਰ ਹੈ ਜਿਸ ਨੇ ਆਪਣੇ ਗੀਤਾਂ  ਨਾਲ ਪੰਜਾਬ ਦੀਆਂ ਫਿਜ਼ਾਵਾਂ ਵਿੱਚ ਸੰਗੀਤਕ ਮਾਹੌਲ ਸਿਰਜਿਆ ਹੈ। ਗੀਤਕਾਰੀ ਤੋਂ ਫਿਲਮਕਾਰੀ ਵੱਲ ਕਦਮ ਵਧਾਉਂਦੇ ਉਸਨੇ ਪੰਜਾਬੀਆਂ ਦੇ ਬਹੁਤ ਨੇੜੇ ਹੋ ਕੇ ਇੱਕ ਫਿਲਮ ਲਿਖੀ ਹੈ ਵੱਡਾ ਘਰ, ਜਿਸ ਨੂੰ ਕਿ ਉਸਨੇ ਬੜੀ ਸੰਜੀਦਗੀ ਨਾਲ ਬਾਹਰ ਬੈਠੇ ਹਰ ਪੰਜਾਬੀ ਦਾ ਦੁੱਖ ਸੁੱਖ, ਭਾਵਨਾਵਾਂ ਬਿਆਨਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਜਦੋਂ ਵੱਡੇ ਘਰਾਂ ਦੀ ਗੱਲ ਹੁੰਦੀ ਹੈ ਤਾਂ ਦੁਆਬੇ ਦੇ ਉਹਨਾਂ ਆਲੀਸ਼ਾਨ ਮਹਿਲ ਨੁਮਾ ਵੱਡੇ ਘਰਾਂ ਦਾ ਖਿਆਲ ਆਉਂਦਾ ਹੈ ਜੋ ਕਿ ਸਦੀਆਂ ਤੋਂ ਜਿੰਦਰੇ ਲੱਗੇ ਮਹਿਜ ਇੱਕ ਸ਼ੋਅ ਪੀਸ ਬਣ ਕੇ ਰਹਿ ਗਏ ਹਨ ।ਇਹਨਾਂ ਘਰਾਂ ਨੂੰ ਉਸਾਰਨ ਵਾਲੇ ਅਤੇ ਇਹਨਾਂ ਚ ਵਸਣ ਦੀ ਚਾਹਤ ਰੱਖਣ ਵਾਲੇ ਲੋਕ ਕਈ ਸਾਲਾਂ ਤੋਂ ਆਪਣੇ ਪਰਿਵਾਰਾਂ ਸਮੇਤ ਵਿਦੇਸ਼ਾਂ ਵਿੱਚ ਸਖਤ ਕਮਾਈਆਂ ਕਰਨ ਵਿੱਚ ਰੁੱਝੇ ਹੋਏ ਹਨ। ਇਹਨਾਂ ਵੱਡੇ ਘਰਾਂ ਨੂੰ ਲੱਗੇ ਜੰਗਾਲ ਖਾਦੇ ਜਿੰਦਰੇ ਅਤੇ ਘਰਾਂ ਵਿੱਚ ਉੱਗੇ ਘਾਹ ਆਪਣੇ ਆਪ ਵਿੱਚ ਬਹੁਤ ਕੁਝ ਬਿਆਨਦੇ ਹਨ। ਜਸਬੀਰ ਗੁਣ ਚੋਰੀਆਂ ਨੇ ਇਹਨਾਂ ਗੱਲਾਂ ਨੂੰ ਛੂਹਦਿਆਂ ਇਸ ਫਿਲਮ ਦੀ ਸਿਰਜਨਾ ਕੀਤੀ ਹੈ ਤਾਂ ਕਿ ਪੰਜਾਬ ਦੀ ਵਿਦੇਸ਼ਾਂ ਵੱਲ ਭੱਜ ਰਹੀ ਜਵਾਨੀ ਨੂੰ ਕਿਸੇ ਤਰੀਕੇ ਨਾਲ ਸਮਝਾਇਆ ਜਾ ਸਕੇ, ਉਹਨਾਂ ਨੂੰ ਰੋਕਿਆ ਜਾ ਸਕੇ।

  ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ 13 ਦਸੰਬਰ  ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਵੱਡਾ ਘਰ’ ਇਸਦੇ ਸਿਰਲੇਖ ਵਾਂਗ ਹੀ ਵੱਡੇ ਘਰ-ਪਰਿਵਾਰ ਦੇ ਗੂੜੇ ਰਿਸ਼ਤਿਆਂ ਦੀ ਅਹਿਮੀਅਤ ਇਸ ਵਿਚਲੀ ਅਣ-ਬਣ, ਫ਼ਿਕਰ, ਸੰਘਰਸ਼ ਅਤੇ ਵਿਚਾਰ-ਧਾਰਾਵਾਂ ਦੇ ਫ਼ਰਕ ਅਤੇ ਪੰਜਾਬ ਦੇ ਮੁੱਖ ਮੁੱਦੇ ਵਿਖਾ ਕੇ ਪੇਸ਼ ਕਰੇਗੀ। ਘਰ ਉਸ ਵਿੱਚ ਵਸਦੇ ਲੋਕਾਂ ਨਾਲ ਹੀ ਬਣਦਾ ਹੈ, ਨਹੀਂ ਤਾਂ ਖ਼ਾਲੀ ਘਰ ਦੀਆਂ ਕੰਧਾਂ ਵੀ ਇੱਕ ਪਲ ਤੋਂ ਬਾਅਦ ਗੱਲਾਂ ਕਰਨੀਆਂ ਬੰਦ ਕਰ ਦਿੰਦੀਆਂ ਨੇ। ਇਹ ਫਿਲਮ ਜਿੱਥੇ ਦਰਸ਼ਕਾਂ ਨੂੰ ਇੱਕ ਚੰਗਾ ਸਮਾਜਿਕ ਮੈਸੇਜ ਦਿੰਦੀ ਹੈ ਉੱਥੇ ਅੱਜ ਦੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿਣ, ਬਜੁਰਗਾਂ ਦਾ ਸਤਿਕਾਰ ਕਰਨ  ਦੀ ਨਸੀਹਤ ਦਿੰਦੀ, ਪਰਿਵਾਰਾਂ ਸਮੇਤ ਦੇਖਣ ਵਾਲੀ ਫਿਲਮ ਹੈ।

ਰੋਬੀ ਐਂਡ ਲਾਡੀ ਫਿਲਮ ਪ੍ਰੋਡਕਸ਼ਨ ਲਿਮਿਟਡ ਅਤੇ ਜਸਵੀਰ ਗੁਣਾਚੌਰੀਆ ਪ੍ਰੋਡਕਸ਼ਨ ਲਿਮਿਟਡ ਦੀ ਪੇਸ਼ਕਸ਼ ਇਸ ਫਿਲਮ ਵੱਡਾ ਘਰ ਨੂੰ ਨਿਰਮਾਤਾ ਸੰਦੀਪ ਸਿੰਘ ਧੰਜਲ (ਲਾਡੀ), ਮਨਜਿੰਦਰ ਸਿੰਘ ਕੰਵਲ (ਰੌਬ ਕੰਵਲ) ਅਤੇ ਜਸਵੀਰ ਗੁਣਾਚੌਰੀਆ ਨੇ ਬਣਾਇਆ ਹੈ।  ਕਮਲਜੀਤ ਸਿੰਘ ਅਤੇ ਗੋਲਡੀ ਢਿਲੋਂ ਵਲੋਂ ਡਾਇਰੈਕਟ ਕੀਤੀ ਇਸ ਫ਼ਿਲਮ ਵਿੱਚ ਜੋਬਨ ਪ੍ਰੀਤ, ਮੈਂਡੀ ਤੱਖਰ, ਭਿੰਦਾ ਔਜਲਾ, ਸਰਦਾਰ ਸੋਹੀ, ਨਿਰਮਲ ਰਿਸ਼ੀ, ਅਮਰ ਨੂਰੀ, ਰਵਿੰਦਰ ਮੰਡ, ਕਵਲੀਨ, ਸਤਵੰਤ ਕੌਰ, ਤਰਸੇਮ ਪੌਲ, ਬਲਵੀਰ ਬੋਪਾਰਾਏ, ਹਰਪ ਨਾਜ਼, ਜੋਤੀ ਅਰੋੜਾ,ਸੁਖਵਿੰਦਰ ਰੋਡੇ ਅਤੇ ਬਾਲ ਕਲਾਕਾਰ ਗੁਰਬਾਜ਼ ਸੰਧੂ ਨੇ ਅਹਿਮ ਕਿਰਦਾਰ ਨਿਭਾਏ ਹਨ। ਫ਼ਿਲਮ ਦੇ ਗੀਤ ਵੀ ਜਸਬੀਰ ਗੁਣਾਚੌਰੀਆ ਨੇ ਹੀ ਲਿਖੇ ਹਨ, ਜਿੰਨ੍ਹਾਂ ਨੂੰ ਨਛੱਤਰ ਗਿੱਲ,ਸੋਨੂੰ ਕੱਕੜ, ਮਾਸਟਰ ਸਲੀਮ,ਕੰਵਰ ਗਰੇਵਾਲ,ਗੁਰਸ਼ਬਦ,ਸੁਨਿਧੀ ਚੋਹਾਨ,ਜੀ ਖਾਨ ਅਤੇ ਅਫ਼ਸਾਨਾ ਖਾਨ ਨੇ ਪਲੇਅ ਬੈਕ ਗਾਇਆ ਹੈ। ਸੰਗੀਤ ਜਤਿੰਦਰ ਸ਼ਾਹ ਨੇ ਤਿਆਰ ਕੀਤਾ ਹੈ। ਨਿਰਮਾਤਾ ਤੇ ਡਿਸਟਰੀਬਿਊਟਰ ਲਵਪ੍ਰੀਤ ਸੰਧੂ ਲੱਕੀ ਦੀ ਨਵਰੋਜ਼ ਗੁਰਬਾਜ਼ ਐਂਟਰਟੇਨਮੈਂਟ ਵਲੋਂ ਸੰਸਾਰ ਭਰ ਵਿਚ 13 ਦਸੰਬਰ ਨੂੰ ਰਿਲੀਜ਼ ਕੀਤੀ ਜਾ ਰਹੀ ਆਮ ਪੰਜਾਬੀ ਸਿਨਮੇ ਤੋਂ ਹਟ ਕੇ ਬਣੀ ਇਹ ਫਿਲਮ ‘ਵੱਡਾ ਘਰ’ ਤੋਂ ਪੰਜਾਬੀ ਸਿਨਮੇ ਦੀ ਮੀਲ ਪੱਥਰ ਸਾਬਿਤ ਹੋਵੇਗੀ।

                                       -ਸੁਰਜੀਤ ਜੱਸਲ          

Leave a Reply

Your email address will not be published. Required fields are marked *