ਕੀਨੀਆ ਵਲੋਂ ਅਡਾਨੀ ਸਮੂਹ ਨਾਲ ਹਵਾਈ ਅੱਡੇ ਦਾ ਵਿਸਥਾਰ ਤੇ ਊਰਜਾ ਸੌਦੇ ਰੱਦ
ਨਵੀਂ ਦਿੱਲੀ, 22 ਨਵੰਬਰ,ਬੋਲੇ ਪੰਜਾਬ ਬਿਊਰੋ :
ਕੀਨੀਆ ਨੇ ਭਾਰਤ ਦੇ ਅਡਾਨੀ ਸਮੂਹ ਨਾਲ ਹਵਾਈ ਅੱਡੇ ਦੇ ਵਿਸਥਾਰ ਅਤੇ ਊਰਜਾ ਸੌਦਿਆਂ ਨੂੰ ਰੱਦ ਕਰ ਦਿਤਾ ਹੈ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਵੀਰਵਾਰ ਨੂੰ ਇਹ ਐਲਾਨ ਕੀਤਾ। ਰੂਟੋ ਨੇ ਕਿਹਾ ਕਿ ਅਡਾਨੀ ਸਮੂਹ ਨਾਲ ਸੌਦੇ ਖ਼ਤਮ ਕਰਨ ਦਾ ਫੈਸਲਾ ਅਮਰੀਕਾ ਵਲੋਂ ਏਸ਼ੀਆ ਦੇ ਸੱਭ ਤੋਂ ਅਮੀਰ ਵਿਅਕਤੀਆਂ ਵਿਚੋਂ ਇਕ ਗੌਤਮ ਅਡਾਨੀ ਵਿਰੁਧ ਰਿਸ਼ਵਤਖੋਰੀ ਅਤੇ ਧੋਖਾਧੜੀ ਦੇ ਦੋਸ਼ ਲਗਾਉਣ ਤੋਂ ਬਾਅਦ ਲਿਆ ਗਿਆ ਹੈ।
ਰਾਸ਼ਟਰਪਤੀ ਰੂਟੋ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਫੈਸਲਾ ਸਾਡੀਆਂ ਜਾਂਚ ਏਜੰਸੀਆਂ ਅਤੇ ਭਾਈਵਾਲ ਦੇਸ਼ਾਂ ਵਲੋਂ ਦਿਤੀ ਗਈ ਨਵੀਂ ਜਾਣਕਾਰੀ ਦੇ ਆਧਾਰ ’ਤੇ ਲਿਆ ਗਿਆ ਹੈ। ਹਾਲਾਂਕਿ ਉਨ੍ਹਾਂ ਨੇ ਅਮਰੀਕਾ ਦਾ ਨਾਂ ਨਹੀਂ ਲਿਆ।
ਅਡਾਨੀ ਸਮੂਹ ਰਾਜਧਾਨੀ ਨੈਰੋਬੀ ਵਿਚ ਕੀਨੀਆ ਦੇ ਮੁੱਖ ਹਵਾਈ ਅੱਡੇ ਦੇ ਆਧੁਨਿਕੀਕਰਨ ਅਤੇ ਇਕ ਵਾਧੂ ਹਵਾਈ ਪੱਟੀ ਅਤੇ ਟਰਮੀਨਲ ਬਣਾਉਣ ਲਈ ਇਕ ਸਮਝੌਤੇ ’ਤੇ ਦਸਤਖਤ ਕਰਨ ਦੀ ਪ੍ਰਕਿਰਿਆ ਵਿਚ ਸੀ। ਬਦਲੇ ’ਚ, ਸਮੂਹ ਨੂੰ 30 ਸਾਲਾਂ ਲਈ ਹਵਾਈ ਅੱਡੇ ਦਾ ਸੰਚਾਲਨ ਕਰਨਾ ਸੀ।
ਅਡਾਨੀ ਸਮੂਹ ਨਾਲ ਸੌਦੇ ਕਾਰਨ ਕੀਨੀਆ ’ਚ ਵਿਰੋਧ ਪ੍ਰਦਰਸ਼ਨ ਹੋਏ ਸਨ ਅਤੇ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਹੜਤਾਲ ਕੀਤੀ ਸੀ।