ਡੀਏਪੀ ਖਾਦ ਦੀ ਕਿੱਲਤ ਨੂੰ ਲੈ ਕੇ ਵਿਲਕ ਰਿਹੈ ਅੰਨਦਾਤਾ ?
ਕਿਸਾਨ ਦੇਸ਼ ਦਾ ਅੰਨਦਾਤਾ ਹੈ। ਜੋ ਭੋਏਂ ਚੋਂ ਸੋਨਾ ਉੱਗਲਦਾ ਹੈ।ਕਰੋੜਾਂ ਲੋਕਾਂ ਦਾ ਢਿੱਡ ਭਰਦਾ ਹੈ।ਪਰ ਫਿਰ ਵੀ ਆਪਣੇ ਹੱਕਾਂ ਲਈ ਕਿਸਾਨ ਕਦੇ ਐੱਮਐੱਸਪੀ ਲਈ ਲੜਦਾ ਹੈ।ਕਦੇ ਆਪਣੀ ਫ਼ਸਲ ਨੂੰ ਪਾਲਣ ਲਈ ਖਾਦ ਲੈਣ ਲਈ ਤਰਲੇ ਮਾਰਦਾ ਹੈ।ਕਿਸਾਨੀ ਦੀ ਇਹ ਦਸ਼ਾ ਕਿਉਂ ? ਇਹ ਇਕ ਵੱਡਾ ਤੇ ਗੰਭੀਰ ਸਵਾਲ ਹੈ।ਨਾਲ ਹੀ ਚਿੰਤਾ ਦਾ ਵਿਸ਼ਾ ਵੀ ਹੈ। ਇਹ ਸਵਾਲ ਕੇਵਲ ਸਰਕਾਰਾਂ ਸਾਹਮਣੇ ਹੀ ਨਹੀਂ ਸਗੋਂ ਦੇਸ਼ ਦੀ ਸਮੁੱਚੀ ਉਸ ਲੁਕਾਈ ਸਾਹਮਣੇ ਵੀ ਹੈ ਜੋ ਦੋ ਪਹਿਰ ਦੀ ਰੋਟੀ ਖਾਣ ਵਕਤ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੁੰਦੇ ਹਨ ਕੇ ਦਾਤੇ ਨੇ ਉਹਨਾਂ ਨੂੰ ਢਿੱਡ ਭਰਨ ਵਾਸਤੇ ਖਾਣਾ ਦਿੱਤਾ ਹੈ।ਜਿੱਥੇ ਕਿਸਾਨ ਆਪਣੇ ਹੱਕ ਲੈਣ ਖ਼ਾਤਰ ਪਿਛਲੇ ਕਈ ਮਹੀਨਿਆਂ ਤੋਂ ਸੜਕਾਂ ਤੇ ਬੈਠਾ ਹਾਕਮਾਂ ਤੋ ਐੱਮਐੱਸਪੀ ਲੈਣ ਲਈ ਗੁਹਾਰ ਲਾ ਰਿਹਾ ਹੈ।ਉਥੇ ਦੁਜੇ ਪਾਸੇ ਅਗਲੀ ਫ਼ਸਲ ਪਾਲਣ ਵਾਸਤੇ ਉਸ ਨੂੰ ਡੀਏਪੀ ਖਾਦ ਨਹੀਂ ਮਿਲ ਰਹੀ।
ਸਿਆਸੀ ਨੇਤਾਵਾਂ ਵੱਲੋ ਜਿਮਨੀ ਚੋਣਾਂ ਚ ਸਿਆਸੀ ਲਾਹਾ ਖੱਟਣ ਦੇ ਮੱਦੇ ਨਜ਼ਰ ਡੀਏਪੀ ਖਾਦ ਨੂੰ ਚੋਣਾਂ ਵਾਲੇ ਖੇਤਰਾਂ ਚ ਤਬਦੀਲ ਕਰ ਦੇਣਾ ਵੀ ਵਾਜਬ ਨਹੀਂ।ਭਾਂਵੇ ਕੇ ਉਹ ਖਾਦ ਕਿਸਾਨ ਭਾਈਚਾਰੇ ਨੂੰ ਹੀ ਦਿੱਤੀ ਗਈ ਹੈ।ਦੁਜੇ ਪਾਸੇ ਡੀਏਪੀ ਖਾਦ ਦੀ ਕਾਲਾਬਾਜ਼ਾਰੀ ਸਿਖਰਾਂ ਤੇ ਹੈ।ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਜਾਂ ਫੇਰ ਇਹ ਸਾਰਾ ਤਮਾਸ਼ਾ ਵੇਖਣ ਦੇ ਬਾਵਜੂਦ ਉਸ ਨੇ ਦੇਸ਼ ਦੇ ਅੰਨਦਾਤਾ ਦੀ ਲੁੱਟ ਕਰਵਾਉਣ ਵਾਸਤੇ ਵਿਉਪਾਰੀਆਂ ਦੀਆਂ ਵਾਗਾਂ ਖੁੱਲ੍ਹੀਆ ਛੱਡੀਆਂ ਹੋਈਆਂ ਹਾਂ ?ਕਿਸਾਨ ਖਾਦ ਲੈਣ ਲਈ ਤਰਲੇ ਮਾਰ ਰਿਹਾ ਹੈ।ਖਾਦ ਮਿਲ ਨਹੀਂ ਰਹੀ।ਕਿਸਾਨ ਕਰੇ ਤਾਂ ਵਿਚਾਰ ਕਰੇ ਕੀ ?ਇਹ ਸਭ ਕਿਉਂ ਹੋ ਰਿਹਾ ਹੈ।ਪਹਿਲਾ ਸਵਾਲ ,ਸਰਕਾਰਾਂ ਕਿਉਂ ਪੁਖ਼ਤਾ ਪ੍ਰਬੰਧ ਨਹੀਂ ਕਰਦੀਆਂ?ਦੂਸਰਾ ਅਗਰ ਡੀਏਪੀ ਖਾਦ ਦਾ ਪੂਰਾ ਉਤਪਾਦਨ ਕਰਨ ਚ ਕੋਈ ਮੁਸ਼ਕਲ ਹੈ ਤਾ ਇਸ ਦੇ ਬਰਾਬਰ ਦੀ ਹੋਰ ਖਾਦ ਬਣਾਈ ਜਾਣੀ ਲਾਜ਼ਮੀ ਹੈ ਤਾਂ ਕੇ ਕਿਸਾਨਾਂ ਨੂੰ ਡੀਏਪੀ ਖਾਦ ਦੀ ਕਿਸੇ ਕਿਸਮ ਕਿੱਲਤ ਨਾ ਆਵੇ।ਉਹ ਆਪਣੀ ਪੁੱਤਾਂ ਵਰਗੀ ਫਸਲ ਨੂੰ ਪਾਲਣ ਵਾਸਤੇ ਕਿਉਂ ਵਿਲਕ ਰਹੇ ਹਨ? ਅਗਲੀ ਗੱਲ,ਮੈਂ ਕਿਸਾਨ ਵੀਰਾਂ ਨੂੰ ਵੀ ਗੁਜਾਰਸ਼ ਕਰਾਂਗਾ ਕੇ ਉਹ ਡੀਏਪੀ ਖਾਦ ਦੀ ਕਿਲਤ ਨੂੰ ਧਿਆਨ ਚ ਰੱਖਦੇ ਹੋਏ ਮਾਹਰਾਂ ਵੱਲੋਂ ਸੁਝਾਈ ਜਾ ਰਹੀ ਦੂਸਰੀ ਐਨਪੀਕੇ ਖਾਦ ਦੀ ਵਰਤੋਂ ਕੀਤੇ ਜਾਣ ਉੱਤੇ ਵਿਚਾਰ ਕਰਨ।ਉਹ ਭੇਡ ਚਾਲ ਦੀ ਤਰਾਂ ਇੱਕ ਚੀਜ਼ ਦੇ ਮਗਰ ਪਏ ਰਹਿਣ ਦੀ ਆਦਤ ਨੂੰ ਛੱਡ ਦੇਣ।
ਲੈਕਚਰਾਰ ਅਜੀਤ ਖੰਨਾ
ਮੋਬਾਈਲ:76967-54669