ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਔਰਤਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਸ਼ਕਤੀਕਰਨ ਤੇ ਦਿੱਤਾ ਜ਼ੋਰ
ਐਸ.ਏ.ਐਸ.ਨਗਰ, 21 ਨਵੰਬਰ,ਬੋਲੇ ਪੰਜਾਬ ਬਿਊਰੋ :
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਵਲੇਂ ਰਤਨ ਕਾਲਜ ਆਫ ਨਰਸਿੰਗ, ਸੋਹਾਣਾ, ਜਿਲ੍ਹਾ ਐੱਸ.ਏ.ਐੱਸ. ਨਗਰ ਵਿਖੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੌਰਾਨ ਸ਼੍ਰੀਮਤੀ ਰਾਜ ਲਾਲੀ ਗਿੱਲ, ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਤੇ ਸ੍ਰੀਮਤੀ ਰਾਜ ਲਾਲੀ ਗਿੱਲ, ਚੇਅਰਪਰਸਨ, ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਵਿਸ਼ੇਸ਼ ਤੌਰ ਤੇ ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਦੇ ਹੋਏ, ਉਨ੍ਹਾਂ ਦੇ ਸ਼ਕਤੀਕਰਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚੇ ਸਮਾਜ ਵਿੱਚ ਵਿਸ਼ੇਸ਼ ਥਾਂ ਰੱਖਦੇ ਹਨ ਅਤੇ ਸਰਕਾਰਾਂ ਵੱਲੋਂ ਉਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਕਨੂੰਨ ਬਣਾਉਣ ਤੋਂ ਇਲਾਵਾ ਰਾਸ਼ਟਰੀ ਅਤੇ ਰਾਜ ਪੱਧਰ ਤੇ ਕਮਿਸ਼ਨ ਵੀ ਕਾਇਮ ਕੀਤੇ ਗਏ ਹਨ।
ਔਰਤਾਂ ਅਤੇ ਬੱਚਿਆਂ ਦੇ ਅਧਿਕਾਰਾਂ ਪ੍ਰਤੀ ਜਾਗਰੂਕਤਾ ਸਮਾਗਮ ਦੌਰਾਨ ਐਡਵੋਕੇਟ ਸ਼੍ਰੀਮਤੀ ਰੁਪਿੰਦਰ ਪਾਲ ਕੌਰ, ਜ਼ਿਲ੍ਹਾ ਕਾਨੂੰਨੀ ਸਹਾਇਤਾ ਅਥਾਰਿਟੀ, ਐੱਸ.ਏ.ਐੱਸ. ਨਗਰ ਵਲੋਂ ਘਰੇਲੂ ਹਿੰਸਾ ਅਤੇ ਔਰਤਾਂ ਦੀ ਸੁਰੱਖਿਆ ਐਕਟ, 2005 ਅਤੇ ਕੰਮਕਾਜ ਵਾਲੀ ਜਗ੍ਹਾ ਤੇ ਔਰਤਾਂ ਦੇ ਨਾਲ ਜਿਨਸੀ ਛੇੜ-ਛਾੜ (ਰੋਕਥਾਮ, ਪਾਬੰਦੀ ਅਤੇ ਨਿਵਾਰਣ) ਐਕਟ, 2013 ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਜਾਗਰੂਕਤਾ ਪ੍ਰੋਗਰਾਮ ਦੌਰਾਨ ਹਾਜ਼ਰ ਸੁਪਰਵਾਈਜ਼ਰਾਂ, ਆਂਗਣਵਾੜੀ ਵਰਕਰਾਂ ਅਤੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨਾਲ ਸਾਝੀਂ ਕੀਤੀ ਗਈ।
ਰਾਜਵਿੰਦਰ ਸਿੰਘ ਗਿੱਲ, ਡਿਪਟੀ ਡਾਇਰੈਕਟਰ, ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਵਲੋਂ ਜਾਗਰੂਕਤਾ ਸੈਸ਼ਨ ਦੌਰਾਨ ਬਾਲ ਅਧਿਕਾਰਾਂ ਜਿਵੇਂ ਕਿ ਪੋਕਸੇ ਐਕਟ 2012, ਬਾਲ ਦੇਖਭਾਲ ਸੰਸਥਾਵਾਂ (CCI), ਚਾਇਲਡ ਵੈਲਫੇਅਰ ਕਮੇਟੀ, ਜੁਵੇਨਾਇਲ ਜਸਟਿਸ ਐਕਟ, 2015 ਆਦਿ ਬਾਰੇ ਜਾਣਕਾਰੀ ਸਾਝੀਂ ਕੀਤੀ ਗਈ।
ਇਸ ਤੋਂ ਬਾਅਦ ਮੁੱਖ ਮਹਿਮਾਨ ਵੱਲੋਂ ਔਰਤਾ ਦੇ ਅਧਿਕਾਰਾਂ ਅਤੇ ਕਾਨੂੰਨ ਸਬੰਧੀ ਬਰੋਸ਼ਰ ਜਾਰੀ ਕੀਤਾ ਗਿਆ ਅਤੇ ਇਹਨਾਂ ਬਰੋਸ਼ਰਾਂ ਦੀ ਮੌਕੇ ਤੇ ਹਾਜ਼ਰ ਸੁਪਰਵਾਈਜ਼ਰਾ, ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਅਤੇ ਕਾਲਜ ਦੀਆਂ ਵਿਦਿਆਰਥਣਾਂ ਵਿਚਕਾਰ ਵੰਡ ਕੀਤੀ ਗਈ।
ਸਮਾਗਮ ਦੀ ਸਮਾਪਤੀ ਤੇ ਸ੍ਰੀਮਤੀ ਰਜਿੰਦਰ ਕੌਰ, ਪ੍ਰਿੰਸੀਪਲ, ਰਤਨ ਕਾਲਜ ਆਫ ਨਰਸਿੰਗ ਵੱਲੋਂ ਮੁੱਖ ਮਹਿਮਾਨ ਅਤੇ ਹੋਰ ਸਮੁੱਚੇ ਪਤਵੰਤੇ ਸੱਜਣਾਂ ਦਾ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਤੇ ਧੰਨਵਾਦ ਕੀਤਾ ਗਿਆ।
ਇਸ ਦੌਰਾਨ ਮਿਸ ਸੁਮਨਦੀਪ ਕੌਰ, ਡਿਪਟੀ ਡਾਇਰੈਕਟਰ, ਪੰਜਾਬ ਰਾਜ ਮਹਿਲਾ ਕਮਿਸ਼ਨ, ਸ਼੍ਰੀ ਗਗਨਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫਸਰ, ਐੱਸ.ਏ.ਐੱਸ. ਨਗਰ, ਸਮੂਹ ਬਾਲ ਵਿਕਾਸ ਪ੍ਰੋਜੈਕਟ ਅਫਸਰ ਸ਼ਾਮਲ ਰਹੇ।