ਚੰਡੀਗੜ੍ਹ, 11 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਪੰਜਾਬ ਯੂਨੀਵਰਸਿਟੀ (PU) ਵਿੱਚ ਵਿਦਿਆਰਥਣਾਂ ਨੂੰ ਇੱਕ ਸਮੈਸਟਰ ਵਿੱਚ 4 ਮਾਹਵਾਰੀ ਛੁੱਟੀਆਂ ਮਿਲਣਗੀਆਂ। ਇਸ ਸਕੀਮ ਤਹਿਤ ਲੜਕੀਆਂ ਮਹੀਨੇ ਵਿੱਚ ਇੱਕ ਮਾਹਵਾਰੀ ਛੁੱਟੀ ਲੈ ਸਕਣਗੀਆਂ। ਇਸ ਫੈਸਲੇ ‘ਤੇ ਪੀ.ਯੂ. ਦੇ ਪ੍ਰਬੰਧਕਾਂ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਛੁੱਟੀ ਸੈਸ਼ਨ 2024-25 ਤੋਂ ਦਿੱਤੀ ਜਾਵੇਗੀ। ਲੜਕੀਆਂ ਇੱਕ ਸਾਲ ਦੇ ਸੈਸ਼ਨ ਯਾਨੀ ਦੋ ਸਮੈਸਟਰਾਂ ਵਿੱਚ ਕੁੱਲ 8 ਛੁੱਟੀਆਂ ਲੈ ਸਕਣਗੀਆਂ। ਇਹ ਨੋਟੀਫਿਕੇਸ਼ਨ ਪੀ.ਯੂ. ਮੈਨੇਜਮੈਂਟ ਵੱਲੋਂ ਵਿਭਾਗੀ ਇੰਸਟੀਚਿਊਟ ਸੈਂਟਰ ਅਤੇ ਰੂਰਲ ਸੈਂਟਰ ਦੇ ਚੇਅਰਪਰਸਨ, ਡਾਇਰੈਕਟਰ, ਕੋਆਰਡੀਨੇਟਰਾਂ ਨੂੰ ਭੇਜਿਆ ਗਿਆ ਹੈ।
ਨੋਟੀਫਿਕੇਸ਼ਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਪ੍ਰੀਖਿਆ ਦੇ ਦਿਨਾਂ ਦੌਰਾਨ ਇਹ ਛੁੱਟੀ ਨਹੀਂ ਦਿੱਤੀ ਜਾਵੇਗੀ।ਇਹ ਛੁੱਟੀ ਚੇਅਰਪਰਸਨ ਅਤੇ ਡਾਇਰੈਕਟਰ ਵੱਲੋਂ ਦਿੱਤੀ ਜਾਵੇਗੀ। ਛੁੱਟੀ ਲੈਣ ਲਈ ਸਵੈ-ਪ੍ਰਮਾਣ ਪੱਤਰ ਦੇਣਾ ਪਵੇਗਾ। ਛੁੱਟੀ ਲੈਣ ਤੋਂ ਬਾਅਦ, ਫਾਰਮ ਪੰਜ ਕੰਮਕਾਜੀ ਦਿਨਾਂ ਦੇ ਅੰਦਰ ਭਰਨਾ ਹੋਵੇਗਾ।