ਪਾਕਿਸਤਾਨ ‘ਚ ਆਤਮਘਾਤੀ ਹਮਲੇ ਦੌਰਾਨ 12 ਜਵਾਨਾਂ ਦੀ ਮੌਤ, ਜਵਾਬੀ ਕਾਰਵਾਈ ‘ਚ 6 ਅਤਿਵਾਦੀ ਢੇਰ
ਇਸਲਾਮਾਬਾਦ, 20 ਨਵੰਬਰ,ਬੋਲੇ ਪੰਜਾਬ ਬਿਊਰੋ :
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਇਕ ਜਾਂਚ ਚੌਕੀ ’ਤੇ ਆਤਮਘਾਤੀ ਹਮਲਾਵਰ ਨੇ ਵਿਸਫੋਟ ਨਾਲ ਭਰੇ ਵਾਹਨ ਨਾਲ ਟੱਕਰ ਮਾਰ ਦਿੱਤੀ।ਇਸ ਹਮਲੇ ਦੌਰਾਨ 12 ਸੁਰੱਖਿਆ ਕਰਮਚਾਰੀ ਅਤੇ 6 ਅਤਿਵਾਦੀ ਮਾਰੇ ਗਏ। ਫੌਜ ਦੇ ਮੀਡੀਆ ਵਿੰਗ ਨੇ ਕਿਹਾ ਕਿ ਅਤਿਵਾਦੀਆਂ ਨੇ ਮੰਗਲਵਾਰ ਦੇਰ ਰਾਤ ਬੰਨੂ ਜ਼ਿਲ੍ਹੇ ਦੇ ਮਾਲੀਖੇਲ ਖੇਤਰ ਵਿੱਚ ਇੱਕ ਜਾਂਚ ਚੌਕੀ ’ਤੇ ਹਮਲਾ ਕੀਤਾ ਪਰ ਚੌਕੀ ਵਿੱਚ ਦਾਖਲ ਹੋਣ ਦੀ ਉਨ੍ਹਾਂ ਦੀ ਕੋਸ਼ਿਸ਼ ਨੂੰ ਜਵਾਨਾਂ ਨੇ ਨਾਕਾਮ ਕਰ ਦਿੱਤਾ।
ਆਤਮਘਾਤੀ ਧਮਾਕੇ ਕਾਰਨ ਜਾਂਚ ਚੌਕੀ ਦੀ ਕੰਧ ਦਾ ਕੁਝ ਹਿੱਸਾ ਢਹਿ ਗਿਆ ਅਤੇ ਨਾਲ ਲੱਗਦੇ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ, ਜਿਸ ਦੇ ਨਤੀਜੇ ਵਜੋਂ ਸੁਰੱਖਿਆ ਬਲਾਂ ਦੇ 10 ਜਵਾਨ ਅਤੇ ਫਰੰਟੀਅਰ ਕਾਂਸਟੇਬੁਲਰੀ ਦੇ ਦੋ ਸਿਪਾਹੀਆਂ ਸਮੇਤ 12 ਜਵਾਨਾਂ ਦੀ ਮੌਤ ਹੋ ਗਈ।
ਇਸ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ ਛੇ ਅਤਿਵਾਦੀਆਂ ਦੀ ਵੀ ਮੌਤ ਹੋ ਗਈ। ਥਿੰਕ ਟੈਂਕ ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (ਸੀਆਰਐਸਐਸ) ਦੇ ਅਨੁਸਾਰ ਮੌਜੂਦਾ ਸਾਲ ਦੀ ਤੀਜੀ ਤਿਮਾਹੀ ਵਿੱਚ ਪਾਕਿਸਤਾਨ ਵਿੱਚ ਹਿੰਸਾ ਵਿੱਚ 90 ਪ੍ਰਤੀਸ਼ਤ ਵਾਧਾ ਹੋਇਆ ਹੈ।