ਕਿਸਾਨ ਵਲੋਂ ਪਰਾਲੀ ਨੂੰ ਲਾਈ ਅੱਗ ਡੀਸੀ ਤੇ ਐਸਐਸਪੀ ਨੇ ਖੁਦ ਜਾ ਕੇ ਬੁਝਾਈ, ਕੇਸ ਦਰਜ ਕਰਕੇ ਕੀਤੀ ਰੈਡ ਐਂਟਰੀ
ਮੋਗਾ, 19 ਨਵੰਬਰ,ਬੋਲੇ ਪੰਜਾਬ ਬਿਊਰੋ :
ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਪਿੰਡ ਲੋਹਗੜ੍ਹ ਵਿਚ ਕਿਸੇ ਕਿਸਾਨ ਵਲੋਂ ਪਰਾਲੀ ਨੂੰ ਅੱਗ ਲਗਾਉਣ ‘ਤੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਨੂੰ ਨਾਲ ਲੈ ਕੇ ਖੁਦ ਕਿਸਾਨ ਦੇ ਖੇਤ ਵਿਚ ਪਹੁੰਚ ਗਏ। ਫ਼ਾਇਰ ਬ੍ਰਿਗੇਡ ਦੀ ਗੱਡੀ ਵੀ ਤੁਰਤ ਮੌਕੇ ‘ਤੇ ਮੰਗਵਾਈ ਗਈ ਅਤੇ ਅੱਗ ਉੱਤੇ ਕਾਬੂ ਪਾਇਆ ਗਿਆ।
ਪਿੰਡ ਲੋਹਗੜ੍ਹ ਵਿਖੇ ਖੇਤਾਂ ਵਿਚ ਪਰਾਲੀ ਨੂੰ ਅੱਗ ਲਾਉਣ ਦੀ ਸੂਚਨਾ ਮਿਲਦੇ ਹੀ ਦੋਵੇਂ ਅਧਿਕਾਰੀ ਮੌਕੇ ਉਤੇ ਪਹੁੰਚ ਗਏ ਅਤੇ ਇਹ ਅੱਗ ਪਹਿਲੇ ਖੇਤ ਵਿਚ ਹੀ ਬੁਝਾ ਦਿਤੀ ਗਈ। ਇਸ ਘਟਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਮੌਕੇ ਉਤੇ ਕਿਸਾਨ ਉੱਤੇ ਪਰਚਾ ਦਰਜ ਕਰ ਕੇ ਮਾਲ ਰਿਕਾਰਡ ਵਿਚ ਰੈੱਡ ਐਂਟਰੀ ਦਰਜ ਕਰ ਦਿਤੀ ਗਈ। ਕਾਗਜ਼ੀ ਕਾਰਵਾਈ ਹੋਣ ਉਪਰੰਤ ਇਸ ਕਿਸਾਨ ਨੂੰ ਭਾਰੀ ਜੁਰਮਾਨਾ ਵੀ ਹੋਵੇਗਾ। ਖੇਤ ਦਾ ਮਾਲਕ ਕਿਸਾਨ ਅਤੇ ਉਸਦੇ ਸਾਥੀ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਮੋਗਾ ਵਿਚ ਕਿਸੇ ਵੀ ਹੀਲੇ ਅੱਗ ਦੀਆਂ ਘਟਨਾਵਾਂ ਵਧਣ ਨਹੀਂ ਦਿਤੀਆਂ ਜਾਣਗੀਆਂ। ਉਲੰਘਣਾ ਕਰਨ ਵਾਲਿਆਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਵਾਰ ਪਰਾਲੀ ਸਾੜਨ ਦੀਆਂ ਘਟਨਾਵਾਂ ਉੱਤੇ ਸੁਪਰੀਮ ਕੋਰਟ ਅਤੇ ਵਾਤਾਵਰਣ ਪਲੀਤ ਹੋਣ ਤੋਂ ਰੋਕਣ ਵਿਚ ਲੱਗੀਆਂ ਕੇਂਦਰੀ ਏਜੰਸੀਆਂ ਵਲੋਂ ਸਿੱਧੀ ਨਜ਼ਰ ਰੱਖੀ ਜਾ ਰਹੀ ਹੈ। ਇਹ ਸਾਰਾ ਵਰਤਾਰਾ ਸੈਟੇਲਾਈਟ ਰਾਹੀਂ ਮੌਨੀਟਰ ਕੀਤਾ ਜਾ ਰਿਹਾ ਹੈ।