6 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਮਣੀਪੁਰ ‘ਚ ਸਥਿਤੀ ਨਾਜ਼ੁਕ, ਕਰਫਿਊ ਜਾਰੀ, ਇੰਟਰਨੈੱਟ ਬੰਦ
ਇੰਫਾਲ, 17 ਨਵੰਬਰ,ਬੋਲੇ ਪੰਜਾਬ ਬਿਊਰੋ :
ਮਨੀਪੁਰ ਵਿੱਚ ਸਥਿਤੀ ਨਾਜ਼ੁਕ ਬਣੀ ਹੋਈ ਹੈ। ਫੌਜੀ ਬਲਾਂ ਦੀ ਕਾਰਵਾਈ ‘ਚ ਕੁਕੀ-ਜੋ ਭਾਈਚਾਰੇ ਦੇ 10 ਬਾਗੀਆਂ ਦੇ ਮਾਰੇ ਜਾਣ ਤੋਂ ਬਾਅਦ ਜਿਰੀਬਾਮ ‘ਚ ਮੈਤਈ ਭਾਈਚਾਰੇ ਦੇ 6 ਲੋਕਾਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਪੂਰੇ ਸੂਬੇ ‘ਚ ਭਾਰੀ ਤਣਾਅ ਹੈ।
ਦੱਸਿਆ ਜਾ ਰਿਹਾ ਹੈ ਕਿ ਮੈਤਈ ਭਾਈਚਾਰੇ ਦੀਆਂ ਤਿੰਨ ਔਰਤਾਂ ਅਤੇ ਤਿੰਨ ਬੱਚਿਆਂ ਨੂੰ ਅੱਤਵਾਦੀਆਂ ਨੇ ਇੱਕ ਕੈਂਪ ਤੋਂ ਕਥਿਤ ਤੌਰ ‘ਤੇ ਅਗਵਾ ਕਰਨ ਤੋਂ ਬਾਅਦ ਮਾਰ ਦਿੱਤਾ ਸੀ। ਇਸ ਤੋਂ ਬਾਅਦ ਪੂਰੇ ਇਲਾਕੇ ‘ਚ ਹਿੰਸਾ ਭੜਕ ਗਈ ਅਤੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਦੇ ਜਵਾਈ ਸਮੇਤ ਕਈ ਵਿਧਾਇਕਾਂ ਤੇ ਆਗੂਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਸ਼ਨੀਵਾਰ ਨੂੰ ਜਿਰੀਬਾਮ ਵਿੱਚ ਬਰਾਕ ਨਦੀ ਵਿੱਚ ਦੋ ਔਰਤਾਂ ਅਤੇ ਇੱਕ ਬੱਚੇ ਦੀਆਂ ਲਾਸ਼ਾਂ ਮਿਲੀਆਂ। ਇਸ ਦੌਰਾਨ ਸ਼ੁੱਕਰਵਾਰ ਰਾਤ ਨੂੰ ਇੱਕ ਔਰਤ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ ਭੜਕੀ ਹਿੰਸਾ ਕਾਰਨ ਇੰਫਾਲ ਘਾਟੀ ਖੇਤਰ ‘ਚ ਫਿਲਹਾਲ ਅਣਮਿੱਥੇ ਸਮੇਂ ਲਈ ਕਰਫਿਊ ਲਾਗੂ ਹੈ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।