ਪੰਜਾਬ ਦੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਨੇ ਕੀਤੀ ਖੁਦਕੁਸ਼ੀ
ਮੋਗਾ, 17 ਨਵੰਬਰ,ਬੋਲੇ ਪੰਜਾਬ ਬਿਊਰੋ :
ਮੋਗਾ ਜ਼ਿਲੇ ਤੋਂ ਇਕ ਬਹੁਤ ਹੀ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਕਿਸ਼ਨਪੁਰਾ ਕਲਾਂ ਦੇ ਇਕ ਨੌਜਵਾਨ ਨੇ ਸਿੱਧਵਾਂ ਬੇਟ ਤੋਂ ਕਿਸ਼ਨਪੁਰਾ ਕਲਾਂ ਰੋਡ ‘ਤੇ ਸਥਿਤ ਨਿਰੰਕਾਰੀ ਭਵਨ ਨੇੜੇ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰੱਖਤ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਸ਼ੰਟੂ ਪੁੱਤਰ ਚਰਨਜੀਤ ਸਿੰਘ ਵਾਸੀ ਕਿਸ਼ਨਪੁਰਾ ਕਲਾਂ ਵਜੋਂ ਹੋਈ ਹੈ ਜੋ ਕਿ ਅੰਤਰਰਾਸ਼ਟਰੀ ਕਬੱਡੀ ਟੀਮ ਦਾ ਪ੍ਰਸਿੱਧ ਖਿਡਾਰੀ ਸੀ। ਵਰਨਣਯੋਗ ਹੈ ਕਿ ਅਵਤਾਰ ਸਿੰਘ ਸ਼ੰਟੀ ਕਿਸੇ ਸਮੇਂ ਕਿਸ਼ਨਪੁਰਾ ਕਲਾਂ ਦੀ ਅੰਤਰਰਾਸ਼ਟਰੀ ਕਬੱਡੀ ਟੀਮ ਦੇ ਥੰਮ੍ਹ ਮੰਨੇ ਜਾਂਦੇ ਸਨ।
ਪਰ ਸਮੇਂ ਨੇ ਅਜਿਹੀ ਖੇਡ ਖੇਡੀ ਕਿ ਇੰਨਾ ਮਸ਼ਹੂਰ ਤੇ ਵੱਡਾ ਖਿਡਾਰੀ ਨਸ਼ਿਆਂ ਦਾ ਸ਼ਿਕਾਰ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸ਼ੰਟੀ ਅੱਜ ਸਵੇਰੇ ਆਪਣੇ ਪਿੰਡ ਕਿਸ਼ਨਪੁਰਾ ਕਲਾਂ ਤੋਂ ਨਿਕਲਿਆ ਅਤੇ ਇੱਥੇ ਆ ਕੇ ਉਸ ਨੇ ਸਫੈਦੇ ਦੇ ਦਰੱਖਤ ਨਾਲ ਰੱਸੀ ਬੰਨ੍ਹ ਕੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਤਾ ਲੱਗਣ ’ਤੇ ਪੁਲੀਸ ਮੌਕੇ ’ਤੇ ਪੁੱਜੀ ਅਤੇ ਸ਼ੰਟੀ ਦੇ ਪੁੱਤਰ ਅਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਦੀ ਹਾਜ਼ਰੀ ਵਿੱਚ ਰੱਸੀ ਕੱਟ ਕੇ ਲਟਕਦੀ ਲਾਸ਼ ਨੂੰ ਹੇਠਾਂ ਉਤਾਰਿਆ। ਗਿੱਦੜਵਿੰਡੀ ਥਾਣੇ ਦੇ ਇੰਚਾਰਜ ਰਾਜਵਿੰਦਰ ਸਿੰਘ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਲਈ ਜਗਰਾਉਂ ਭੇਜ ਦਿੱਤਾ ਹੈ। ਮ੍ਰਿਤਕ ਸ਼ੰਟੀ ਆਪਣੇ ਪਿੱਛੇ ਮਾਂ, ਪਤਨੀ ਅਤੇ ਦੋ ਪੁੱਤਰ ਛੱਡ ਗਿਆ ਹੈ।