ਖਪਤਕਾਰ ਕਮਿਸ਼ਨ ਨੇ ਲਗਾਇਆ ਜੁਰਮਾਨਾ; 9% ਵਿਆਜ ਸਮੇਤ ਰਕਮ ਵਾਪਸ ਕਰਨ ਦਾ ਆਦੇਸ਼
ਚੰਡੀਗੜ੍ਹ 15 ਨਵੰਬਰ ,ਬੋਲੇ ਪੰਜਾਬ ਬਿਊਰੋ :
ਚੰਡੀਗੜ੍ਹ ਵਿੱਚ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਣ ਕਮਿਸ਼ਨ ਨੇ ਮੁਹਾਲੀ ਦੇ ਹਸਪਤਾਲ ਨੂੰ ਮਰੀਜ਼ ਤੋਂ 90 ਹਜ਼ਾਰ ਰੁਪਏ ਦਾ ਵਾਧੂ ਚਾਰਜ ਲੈਣ ਲਈ ਸੇਵਾ ਵਿੱਚ ਲਾਪਰਵਾਹੀ ਦਾ ਦੋਸ਼ੀ ਠਹਿਰਾਇਆ ਹੈ। ਹਸਪਤਾਲ ਨੂੰ ਵਾਧੂ ਰਾਸ਼ੀ 9 ਫੀਸਦੀ ਵਿਆਜ ਦਰ ਨਾਲ ਵਾਪਸ ਕਰਨ ਦੇ ਹੁਕਮ ਦਿੱਤੇ ਹਨ।ਇਸ ਦੇ ਨਾਲ ਹੀ ਹਸਪਤਾਲ ਨੂੰ ਸ਼ਿਕਾਇਤਕਰਤਾ ਨੂੰ ਮਾਨਸਿਕ ਪੀੜਾ ਅਤੇ ਕੇਸ ਦੇ ਖਰਚੇ ਵਜੋਂ 25 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੇ ਵੀ ਨਿਰਦੇਸ਼ ਦਿੱਤੇ ਹਨ।
ਇਹ ਮਾਮਲਾ ਚੰਡੀਗੜ੍ਹ ਦੇ ਸੈਕਟਰ-46 ਦੇ ਰਹਿਣ ਵਾਲੇ ਤ੍ਰਿਲੋਕ ਚੰਦ ਸ਼ਰਮਾ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਤ੍ਰਿਲੋਕ ਚੰਦ ਨੇ ਮੋਹਾਲੀ ਸਥਿਤ ਮੈਕਸ ਹਸਪਤਾਲ ‘ਤੇ ਉਸ ਦੀ ਇਜਾਜ਼ਤ ਤੋਂ ਬਿਨਾਂ ਇਲਾਜ ਦੌਰਾਨ 90,000 ਰੁਪਏ ਵਾਧੂ ਵਸੂਲਣ ਦਾ ਦੋਸ਼ ਲਾਇਆ ਸੀ।