ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਕੁਸ਼ਤੀ ਦੰਗਲ – 15 ਨਵੰਬਰ ਨੂੰ
ਐੱਸ ਏ.ਐੱਸ. ਨਗਰ 12 ਨਵੰਬਰ ,ਬੋਲੇ ਪੰਜਾਬ ਬਿਊਰੋ :
ਇੱਥੋਂ ਨੇੜਲੇ ਪਿੰਡ ਸੋਹਾਣਾ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹਰ ਸਾਲ ਦੀ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਮਿਤੀ 15 ਨਵੰਬਰ ਨੂੰ ਧੰਨ ਧੰਨ ਅਮਰ ਸ਼ਹੀਦ ਬਾਬਾ ਜੱਥੇਦਾਰ ਹਨੂੰਮਾਨ ਸਿੰਘ ਜੀ 32 ਵਾਂ ਯਾਦਗਾਰੀ ਕੁਸ਼ਤੀ ਦੰਗਲ ਦਾ ਆਯੋਜਨ ਕੀਤਾ ਜਾ ਰਿਹਾ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਜਿੰਦਰ ਸਿੰਘ ਜੀ ਅਤੇ ਸ ਸਤਵਿੰਦਰ ਸਿੰਘ ਸੋਢੀ ਜੀ ਨੇ ਦੱਸਿਆ ਕਿ ਪ੍ਰਕਾਸ਼ ਪੁਰਬ ਦੇ ਦਿਹਾੜੇ ਤੇ ਕੁਸ਼ਤੀ ਦੰਗਲ ਦੁਪਹਿਰ 1 ਵਜੇ ਅਰੰਭ ਹੋਵੇਗਾ। ਉਨਾਂ ਦੱਸਿਆ ਇਸ ਕੁਸ਼ਤੀ ਦੰਗਲ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ ਸਿੰਕਦਰ ਸੇਠ ਮਹਾਰਾਸ਼ਟਰ ਅਤੇ ਭੁਪਿੰਦਰ ਅਜਨਾਲਾ, ਦੂਜੀ ਝੰਡੀ ਦੀ ਕੁਸ਼ਤੀ ਤਾਲਬ ਬਾਬਾ ਫਲਾਈ ਅਤੇ ਛੋਟਾ ਸੁਦਾਮ ਹੋਸ਼ਿਆਰਪੁਰ, ਤੀਜੀ ਝੰਡੀ ਦੀ ਕੁਸ਼ਤੀ ਸ਼ਿਵਾ ਮਹਾਰਾਸ਼ਟਰ ਅਤੇ ਜੋਂਟੀ ਗੁੱਜ਼ਰ ਦਿੱਲੀ ਵਿੱਚ ਹੋਵੇਗੀ । ਇਸ ਤੋਂ ਇਲਾਵਾ ਇਸ ਕੁਸ਼ਤੀ ਦੰਗਲ ਵਿੱਚ ਦੇਸ਼ ਵਿਦੇਸ਼ ਦੇ ਉੱਘੇ ਅਤੇ ਨਾਮੀ ਪਹਿਲਵਾਨ ਆਪਣੀ ਕੁਸ਼ਤੀ ਦੇ ਜੌਹਰ ਵਿਖਾਉਣਗੇ। ਧੰਨ ਧੰਨ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ 32ਵਾ ਯਾਦਗਾਰੀ ਕੁਸ਼ਤੀ ਦੰਗਲ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸਾਧ ਸੰਗਤ ਜੀ ਦੇ ਸਹਿਯੋਗ ਨਾਲ ਸੈਕਟਰ 79 ਦੇ ਏਮੀਟੀ ਸਕੂਲ ਦੇ ਨੇੜੇ ਕਰਵਾਇਆ ਜਾ ਰਿਹਾ ਹੈ। ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।