ਪੰਜਾਬ
ਲੋਕਾਂ ਦੀ ਆਵਾਜ਼ ਬਣਨ ਹੀ ਮੀਡੀਆ ਦਾ ਫਰਜ਼ ਹੁੰਦੈ: ਪ੍ਰਬੀਰ
ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਲਹਿਰਾਇਆ ਗ਼ਦਰੀ ਝੰਡਾ
ਜਲੰਧਰ, 12 ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ)
ਮੇਲਿਆਂ ਦੀ ਧਰਤੀ ਪੰਜਾਬ ਦੇ ਸ਼ਹਿਰ ਜਲੰਧਰ ਲੱਗਿਆ 33ਵਾਂ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਹਰਦੇਵ ਅਰਸ਼ੀ ਵੱਲੋਂ ਗ਼ਦਰੀ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਤੀਜੇ ਅਤੇ ਆਖ਼ਰੀ ਦਿਨ ‘ਚ ਸ਼ਾਮਲ ਹੋਇਆ।
ਹਰਦੇਵ ਅਰਸ਼ੀ ਹੋਰਾਂ ਵੱਲੋਂ ਝੰਡਾ ਲਹਿਰਾਏ ਜਾਣ ਮੌਕੇ ਉਹਨਾਂ ਨਾਲ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਅਤੇ ਮੇਲੇ ‘ਚ ਪੁੱਜੇ ਸਮੂਹ ਕਮੇਟੀ ਮੈਂਬਰ ਸ਼ਾਮਲ ਸਨ। ਇਸ ਮੌਕੇ ਸਾਮਰਾਜਵਾਦ-ਮੁਰਦਾਬਾਦ! ਫ਼ਿਰਕੂ ਫਾਸ਼ੀ ਹੱਲਾ ਮੁਰਦਾਬਾਦ! ਗ਼ਦਰੀ ਬਾਬਿਆਂ ਦਾ ਪੈਗ਼ਾਮ, ਜਾਰੀ ਰੱਖਣਾ ਹੈ ਸੰਗਰਾਮ! ਨਾਅਰੇ ਗੂੰਜਦੇ ਰਹੇ। ਗ਼ਦਰੀ ਝੰਡੇ ‘ਤੇ ਫੁੱਲਾਂ ਦੀ ਵਰਖਾ ਹੁੰਦੀ ਰਹੀ।
ਕਮੇਟੀ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੇ ਜੀ ਆਇਆਂ ਨੂੰ ਸ਼ਬਦ ਕਹਿੰਦੇ ਹੋਏ ਕਿਹਾ ਕਿ ਦੇਸ਼ ਭਗਤ ਯਾਦਗਾਰ ਲੋਕਾਂ ਦਾ ਹੈ। ਇਹ ਮੇਲਾ ਵੀ ਲੋਕਾਂ ਦੁਆਰਾ ਲੋਕਾਂ ਲਈ ਹੈ। ਉਹਨਾਂ ਕਿਹਾ ਕਿ ਮੇਲਾ ਹਰ ਸਾਲ ਨਵੀਆਂ ਪਿਰਤਾਂ ਪਾ ਰਿਹਾ ਹੈ।ਕਮੇਟੀ ਮੈਂਬਰ ਹਰਦੇਵ ਅਰਸ਼ੀ ਨੇ ਗ਼ਦਰ ਪਾਰਟੀ ਦੇ ਮੂਲ ਪ੍ਰੋਗਰਾਮ, ਉਦੇਸ਼ਾਂ ਅਤੇ ਅਧੂਰੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹਨਾਂ ਦੇ ਸੁਪਨੇ ਸਾਕਾਰ ਕਰਨ ਲਈ ਹੀ ਅੱਜ ਦਾ ਮੇਲਾ ਕਾਰਪੋਰੇਟ ਅਤੇ ਫ਼ਿਰਕੂ ਫਾਸ਼ੀ ਹੱਲੇ ਖਿਲਾਫ਼ ਜੂਝਦੀਆਂ ਲੋਕ ਲਹਿਰਾਂ ਨੂੰ ਸਮਰਪਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਸਾਮਰਾਜ ਅਤੇ ਫ਼ਿਰਕਾਪ੍ਰਸਤੀ ਵਿਰੋਧੀ ਸਾਰੀਆਂ ਜਮਹੂਰੀ ਤਾਕਤਾਂ ਨੂੰ ਇੱਕਜੁੱਟ ਹੋ ਕੇ ਸੰਘਰਸ਼ ਕਰਨ ਦੀ ਲੋੜ ਹੈ।