ਸਮਰਾਲਾ, 10 ਅਪ੍ਰੈਲ,ਬੋਲੇ ਪੰਜਾਬ ਬਿਓਰੋ:
31 ਮਾਰਚ ਨੂੰ ਸਮਰਾਲਾ ਦੇ ਮੈਰਿਜ ਪੈਲੇਸ ਵਿੱਚ ਹੋਏ ਵਿਆਹ ਸਮਾਗਮ ਦੌਰਾਨ ਡਾਂਸਰ ਸਿਮਰ ਸੰਧੂ ਅਤੇ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਕੁਝ ਲੜਕਿਆਂ ਵਿਚਾਲੇ ਪੈਦਾ ਹੋਏ ਵਿਵਾਦ ਨੇ ਮੰਗਲਵਾਰ ਰਾਤ ਨੂੰ ਨਵਾਂ ਮੋੜ ਲੈ ਲਿਆ ਹੈ। ਪੀੜਤ ਸਿਮਰ ਸੰਧੂ ਨੇ ਸਮਰਾਲਾ ਪਹੁੰਚ ਕੇ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪੁਲੀਸ ਮੁਲਾਜ਼ਮ ਜਗਰੂਪ ਸਿੰਘ ਨੂੰ ਬੇਕਸੂਰ ਕਰਾਰ ਦਿੰਦਿਆਂ ਕੇਸ ਵਿੱਚੋਂ ਬਾਹਰ ਕੀਤਾ ਜਾਵੇ। ਸਿਮਰ ਸੰਧੂ ਨੇ ਕਿਹਾ ਕਿ ਉਹ ਉਸ ਵਿਅਕਤੀ ਨੂੰ ਪਛਾਣ ਚੁੱਕੀ ਹੈ ਜਿਸ ਨੇ ਉਸ ‘ਤੇ ਗਲਾਸ ਸੁੱਟਿਆ ਸੀ ਅਤੇ ਜੇਕਰ ਉਹ ਵਿਅਕਤੀ ਵੀ ਕੈਮਰੇ ਦੇ ਸਾਹਮਣੇ ਆ ਕੇ ਆਪਣੀ ਗਲਤੀ ਸਵੀਕਾਰ ਕਰਦਾ ਹੈ ਤਾਂ ਉਹ ਉਸ ਨੂੰ ਵੀ ਮੁਆਫ ਕਰ ਦੇਵੇਗੀ।
ਮੰਗਲਵਾਰ ਦੇਰ ਸ਼ਾਮ ਸਮਰਾਲਾ ਥਾਣੇ ਦੇ ਬਾਹਰ ਡਾਂਸਰ ਸਿਮਰ ਸੰਧੂ ਨੇ ਸਪੱਸ਼ਟ ਕਿਹਾ ਕਿ ਉਸ ‘ਤੇ ਕੋਈ ਦਬਾਅ ਨਹੀਂ ਹੈ ਅਤੇ ਉਹ ਕਿਸੇ ਵੀ ਕੀਮਤ ‘ਤੇ ਬੇਕਸੂਰ ਵਿਅਕਤੀ ਨੂੰ ਸਜ਼ਾ ਨਹੀਂ ਹੋਵੇਗੀ।ਸਿਮਰ ਸੰਧੂ ਨੇ ਦੱਸਿਆ ਕਿ ਉਸ ਨੇ ਉਸ ਦਿਨ ਸਟੇਜ ਸ਼ੋਅ ਦੌਰਾਨ ਸ਼ਰਾਬ ਨਾਲ ਭਰਿਆ ਗਿਲਾਸ ਸੁੱਟਣ ਵਾਲੇ ਨੌਜਵਾਨਾਂ ਨੂੰ ਪਛਾਣ ਲਿਆ ਹੈ। ਇਹ ਆਦਮੀ ਬੰਦ ਕਮਰੇ ਵਿੱਚ ਬੈਠ ਕੇ ਉਸ ਨਾਲ ਸੁਲ੍ਹਾ ਕਰਨਾ ਚਾਹੁੰਦਾ ਹੈ, ਪਰ ਜਦੋਂ ਤੱਕ ਉਹ ਕੈਮਰੇ ਦੇ ਸਾਹਮਣੇ ਮੁਆਫ਼ੀ ਨਹੀਂ ਮੰਗਦਾ, ਉਦੋਂ ਕਿਸੇ ਵੀ ਕੀਮਤ ‘ਤੇ ਉਸਨੂੰ ਮੁਆਫ ਨਹੀਂ ਕਰੇਗੀ।