07 ਨਵੰਬਰ ਗਿੱਦੜਵਾਹਾ,09 ਨਵੰਬਰ ਡੇਰਾ ਬਾਬਾ ਨਾਨਕ, ਅਤੇ 10 ਨਵੰਬਰ ਨੂੰ ਬਰਨਾਲਾ ਵਿਖੇ ਕੀਤਾ ਜਾਵੇਗਾ ਝੰਡਾ ਮਾਰਚ
ਚੰਡੀਗੜ੍ਹ 02 ਨਵੰਬਰ ,ਬੋਲੇ ਪੰਜਾਬ ਬਿਊਰੋ :
ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਆਗੂਆਂ ਸਤੀਸ਼ ਰਾਣਾ, ਕਰਮ ਸਿੰਘ ਧਨੋਆ, ਸਵਿੰਦਰ ਪਾਲ ਸਿੰਘ ਮੋਲੋਵਾਲੀ , ਜਰਮਨਜੀਤ ਸਿੰਘ, ਗੁਰਪ੍ਰੀਤ ਸਿੰਘ ਗੰਡੀਵਿੰਡ, ਐਨ.ਕੇ. ਕਲਸੀ , ਭਜਨ ਸਿੰਘ ਗਿੱਲ, ਰਣਜੀਤ ਸਿੰਘ ਰਾਣਵਾ, ਰਤਨ ਸਿੰਘ ਮਜਾਰੀ, ਗਗਨਦੀਪ ਸਿੰਘ ਭੁੱਲਰ, ਸੁਖਦੇਵ ਸਿੰਘ ਸੈਣੀ, ਬਾਜ ਸਿੰਘ ਖਹਿਰਾ, ਜਸਵੀਰ ਸਿੰਘ ਤਲਵਾੜਾ, ਜਗਦੀਸ਼ ਸਿੰਘ ਚਾਹਲ, ਰਾਧੇ ਸ਼ਾਮ, ਬੋਬਿੰਦਰ ਸਿੰਘ ,ਦਿਗਵਿਜੇ ਪਾਲ ਸ਼ਰਮਾ ਅਤੇ ਕਰਮਜੀਤ ਸਿੰਘ ਬੀਹਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਆਖਿਆ ਕਿ ਕੱਲ 03 ਨਵੰਬਰ ਨੂੰ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਕੀਤੇ ਜਾਣ ਵਾਲੇ ਝੰਡਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਆਗੂਆਂ ਆਖਿਆ ਕਿ ਕੱਲ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਬੇਵਾਲ ਦੀ ਗਰਾਊਂਡ ਵਿੱਚ ਸਵੇਰੇ 10 ਵਜੇ ਇਕੱਠੇ ਹੋਣਗੇ। ਸਾਂਝਾ ਫਰੰਟ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦਿੱਤੀ ਮਹਿਗਾਈ ਭੱਤੇ ਦੀ 4% ਕਿਸ਼ਤ ਨੂੰ ਮਜ਼ਾਕ ਦੱਸਿਆ। ਆਗੂਆਂ ਆਖਿਆ ਕਿ 15% ਪ੍ਰਤੀਸ਼ਤ ਰਹਿੰਦੇ ਮੰਗਾਈ ਭੱਤੇ ਵਿੱਚੋਂ ਸਿਰਫ ਚਾਰ ਪ੍ਰਤੀਸ਼ਤ ਮਹਿੰਗਾਈ ਭੱਤਾ ਦੇਣ ਨਾਲ ਮੁਲਾਜਮਾ / ਪੈਨਸ਼ਨਰਾਂ ਦੇ ਸੰਘਰਸ਼ ਨੂੰ ਨਹੀਂ ਰੋਕਿਆ ਜਾ ਸਕਦਾ। ਸਾਂਝਾ ਫਰੰਟ ਦੇ ਆਗੂਆਂ ਆਖਿਆ ਕਿ ਜਦੋਂ ਤੱਕ ਤਨਖਾਹ ਕਮਿਸ਼ਨ ਦੀ ਸਿਫਾਰਿਸ਼ ਅਨੁਸਾਰ ਪੈਨਸ਼ਨਰਾਂ ਦੀ ਪੈਨਸ਼ਨ ਦੋਹਰਾਈ 2.59 ਗੁਣਾਕ ਨਾਲ ਲਾਗੂ ਨਹੀਂ ਹੁੰਦੀ, ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਹੁੰਦੀ,
ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮ ਬਿਨਾਂ ਸ਼ਰਤ ਪੱਕੇ ਨਹੀਂ ਹੁੰਦੇ , ਮਾਣ ਭੱਤਾ / ਇਨਸੈਂਟਿਵ (ਮਿਡ -ਡੇ – ਮੀਲ, ਆਸ਼ਾ, ਆਂਗਣਵਾੜੀ ) ਮੁਲਾਜ਼ਮਾਂ ਨੂੰ ਘੱਟੋ ਘੱਟ ਤਨਖਾਹ ਦੇ ਘੇਰੇ ਵਿੱਚ ਨਹੀਂ ਲਿਆਂਦਾ ਜਾਂਦਾ , ਪਿਛਲੇ ਪੰਜ ਸਾਲ ਛੇ ਮਹੀਨੇ ਦਾ ਤਨਖਾਹ ਕਮਿਸ਼ਨ ਦਾ ਬਕਾਇਆ ਜਾਰੀ ਨਹੀਂ ਕੀਤਾ ਜਾਂਦਾ ਅਤੇ ਤਨਖਾਹ ਕਮਿਸ਼ਨ ਦੀ ਰਹਿੰਦੀ ਰਿਪੋਰਟ ਜਾਰੀ ਕਰਕੇ ਏਸੀਪੀ ਦਾ ਲਾਭ ਨਹੀਂ ਦਿੱਤਾ ਜਾਂਦਾ, ਮਹਿਗਾਈ ਭੱਤੇ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਅਤੇ 242 ਮਹੀਨਿਆਂ ਦਾ ਬਕਾਇਆ ਨਹੀਂ ਦਿੱਤਾ ਜਾਂਦਾ, ਪੇਂਡੂ ਭੱਤਾ , ਤੇਲ ਭੱਤਾ , ਫਿਕਸ ਸਫਰੀ ਭੱਤਾ ਸਮੇਤ ਬੰਦ ਕੀਤੇ ਭੱਤੇ ਬਹਾਲ ਨਹੀਂ ਕੀਤੇ ਜਾਂਦੇ, ਪ੍ਰੋਵੇਸ਼ਨਲ ਪੀਰੀਅਡ ਇਕ ਸਾਲ ਦਾ ਕਰਕੇ ਅਤੇ ਇਸ ਸਮੇਂ ਦੌਰਾਨ ਪੂਰੀ ਤਨਖਾਹ ਸਮੇਤ ਸਾਰੇ ਭੱਤੇ ਨਹੀਂ ਦਿੱਤੇ ਜਾਂਦੇ , 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਪੰਜਾਬ ਦੇ ਤਨਖਾਹ ਸਕੇਲ ਲਾਗੂ ਨਹੀਂ ਕੀਤੇ ਜਾਂਦੇ , 200 ਰੁਪਏ ਜਜੀਆ ਬੰਦ ਨਹੀਂ ਹੋ ਜਾਂਦਾ, ਮੁਲਾਜ਼ਮਾ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਹੋਏ ਅਦਾਲਤੀ ਫੈਸਲੇ ਜਨਰਲਾਈਜ ਕਰਕੇ ਲਾਗੂ ਨਹੀਂ ਕੀਤੇ ਜਾਂਦੇ ਅਤੇ ਸਾਂਝਾ ਫਰੰਟ ਦੇ ਆਗੂਆਂ ਤੇ ਦਰਜ ਕੀਤੇ ਝੂਠੇ ਪੁਲਿਸ ਕੇਸ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਆਗੂਆਂ ਆਖਿਆ ਕਿ ਤਿੰਨ ਨਵੰਬਰ ਵਿਧਾਨ ਸਭਾ ਹਲਕਾ ਚੱਬੇਵਾਲ ਵਿਖੇ ਝੰਡਾ ਮਾਰਚ ਕਰਨ ਉਪਰੰਤ 07 ਨਵੰਬਰ ਨੂੰ ਗਿੱਦੜਵਾਹਾ, 09 ਨਵੰਬਰ ਨੂੰ ਡੇਰਾ ਬਾਬਾ ਨਾਨਕ ਅਤੇ 10 ਨਵੰਬਰ ਨੂੰ ਬਰਨਾਲਾ ਵਿਧਾਨ ਸਭਾ ਹਲਕੇ ਅੰਦਰ ਕੀਤਾ ਜਾਵੇਗਾ ਝੰਡਾ ਮਾਰਚ। ਆਗੂਆਂ ਆਖਿਆ ਕਿ ਇਸ ਝੰਡਾ ਮਾਰਚ ਦੌਰਾਨ ਸਰਕਾਰ ਦੀਆਂ ਲੋਕ ਮੁਲਾਜ਼ਮ / ਪੈਨਸ਼ਨਰ ਮਾਰੂ ਨੀਤੀਆਂ ਦਾ ਪਰਦਾਫਾਸ਼ ਕੀਤਾ ਜਾਵੇਗਾ ਅਤੇ ਇਸ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਦੀ ਕਿਵੇਂ ਲੁੱਟ ਕੀਤੀ ਜਾ ਰਹੀ ਹੈ ਉਸ ਨੂੰ ਵੀ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਵੇਗਾ। ਆਗੂਆਂ ਇਹ ਵੀ ਆਖਿਆ ਕਿ ਝੰਡਾ ਮਾਰਚ ਦੌਰਾਨ ਕੇਂਦਰ ਸਰਕਾਰ ਵੱਲੋਂ ਅਦਾਰਿਆਂ ਦੇ ਕੀਤੇ ਜਾ ਰਹੇ ਨਿਜੀਕਰਨ ਆਦਿ ਮੁੱਦਿਆਂ ਤੋਂ ਇਲਾਵਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਵਧਾਈ ਜਾ ਰਹੀ ਮਹਿੰਗਾਈ ,ਬੇਰੁਜ਼ਗਾਰੀ, ਭਰਿਸ਼ਟਾਚਾਰ, ਪੁਲਿਸ ਜਬਰ ਆਦਿ ਦੇ ਮੁੱਦੇ ਵੀ ਲਿਆਂਦੇ ਜਾਣਗੇ।