ਨੂਰਪੁਰਬੇਦੀ, 9 ਅਪ੍ਰੈਲ,ਬੋਲੇ ਪੰਜਾਬ ਬਿਓਰੋ:
ਰੂਪਨਗਰ ਸ਼ਹਿਰ ਦੇ ਨਾਲ ਲੱਗਦੇ ਬਲਾਕ ਨੂਰਪੁਰਬੇਦੀ ਦੇ ਸਿਰੇ ’ਤੇ ਪੈਂਦੇ ਪਿੰਡ ਭਿੰਡਰ ਨਗਰ ’ਚ ਇੱਕ ਚੀਤੇ ਨੇ ਹਮਲਾ ਕਰ ਦਿੱਤਾ, ਜਿਸ ਨੇ ਪਿੰਡ ਦੇ ਇੱਕ ਕਿਸਾਨ ਦੇ 6 ਮਹੀਨੇ ਦੇ ਵੱਛੇ ਨੂੰ ਖਾ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਵਿੱਚ ਆਪਣੇ ਪਸ਼ੂਆਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਦਾ ਮਾਹੌਲ ਹੈ। ਘਟਨਾ ਸਬੰਧੀ ਨੇੜਲੇ ਪਿੰਡ ਗਢੋਲੀਆਂ ਦੇ ਸਾਬਕਾ ਸਰਪੰਚ ਨਛੱਤਰ ਸਿੰਘ ਨੇ ਦੱਸਿਆ ਕਿ ਪਿੰਡ ਭਿੰਡਰ ਨਗਰ ਦੇ ਕਿਸਾਨ ਗੁਰਮੇਲ ਸਿੰਘ ਦਾ ਵੱਛਾ ਬੀਤੀ ਰਾਤ ਲਾਪਤਾ ਹੋ ਗਿਆ ਸੀ। ਜਦੋਂ ਸਵੇਰੇ ਉਸ ਨੇ ਭਾਲ ਸ਼ੁਰੂ ਕੀਤੀ ਤਾਂ ਘਰ ਤੋਂ ਕੁਝ ਦੂਰੀ ’ਤੇ ਜੰਗਲੀ ਖੇਤਰ ਵਿੱਚ ਸਥਿਤ ਛੱਪੜ ਕੋਲ ਉਸ ਦੇ 6 ਮਹੀਨੇ ਦੇ ਵੱਛੇ ਦਾ ਸਿਰਫ਼ ਧੜ ਹੀ ਮਿਲਿਆ, ਜਦੋਂਕਿ ਬਾਕੀ ਦੇ ਹਿੱਸੇ ਨੂੰ ਜੰਗਲੀ ਜਾਨਵਰ ਖਾ ਗਏ।
ਉਨ੍ਹਾਂ ਕਿਹਾ ਕਿ ਜੰਗਲੀ ਜਾਨਵਰ ਅਕਸਰ ਛੱਪੜ ਵਿੱਚ ਪਾਣੀ ਪੀਣ ਲਈ ਆਉਂਦੇ ਹਨ। ਮੌਕੇ ‘ਤੇ ਮੌਜੂਦ ਪੈਰਾਂ ਦੇ ਨਿਸ਼ਾਨਾਂ ਤੋਂ ਲੱਗਦਾ ਹੈ ਕਿ ਉਕਤ ਕਾਰਵਾਈ ਚੀਤੇ ਦੀ ਹੋ ਸਕਦੀ ਹੈ, ਜੋ ਪਸ਼ੂਆਂ ‘ਤੇ ਹਮਲਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਪਹਿਲਾਂ ਵੀ ਅਜਿਹੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ ਪਰ ਇਸ ਤਾਜ਼ਾ ਘਟਨਾ ਨੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਇਸ ਘਟਨਾ ਸਬੰਧੀ ਅਧਿਕਾਰੀਆਂ ਨੂੰ ਜਾਣੂ ਕਰਵਾ ਕੇ ਮੰਗ ਕੀਤੀ ਕਿ ਤੇਂਦੁਏ ਨੂੰ ਜਲਦੀ ਕਾਬੂ ਕੀਤਾ ਜਾਵੇ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।