ਮਤਾ ਪਾਸ ਕਰਕੇ ਝੂਠੇ ਕੇਸਾਂ ਵਿੱਚ ਜੇਲ੍ਹੀਂ ਬੰਦ ਸਿਆਸੀ ਕਾਰਕੁਨਾਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਸਿਆਸੀ ਕੈਦੀਆਂ ਦੀ ਰਿਹਾਈ ਦੀ ਕੀਤੀ ਮੰਗ
ਮਾਨਸਾ, 28 ਅਕਤੂਬਰ ,ਬੋਲੇ ਪੰਜਾਬ ਬਿਊਰੋ ;
ਸੱਚ ਦੀ ਆਵਾਜ਼ ਨੂੰ ਨਾ ਬੀਤੇ ਵਿੱਚ ਕੋਈ ਬੰਦ ਕਰ ਸਕਿਆ ਹੈ ਅਤੇ ਨਾ ਹੀ ਮੋਦੀ ਸਰਕਾਰ ਜਾਂ ਮਾਨ ਸਰਕਾਰ ਬੰਦ ਕਰ ਸਕਦੀਆਂ ਹਨ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਅਤੇ ਮਾਲਵਿੰਦਰ ਸਿੰਘ ਮਾਲੀ ਖਿਲਾਫ ਬਣਾਏ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੇ ਮਨਘੜਤ ਕੇਸ ਨੂੰ ਵਾਪਸ ਲੈ ਕੇ ਮਾਲੀ ਨੂੰ ਤੁਰੰਤ ਬਿਨਾਂ ਸ਼ਰਤ ਰਿਹਾਅ ਕਰ ਦੇਣਾ ਚਾਹੀਦਾ ਹੈ, ਵਰਨਾ ਇਹ ਮਨਮਾਨਾ ਤਾਨਾਸ਼ਾਹੀ ਰਵਈਆ ਸਿਆਸੀ ਤੌਰ ‘ਤੇ ਉਨ੍ਹਾਂ ਨੂੰ ਲੈ ਡੁੱਬੇਗਾ। ਇਹ ਗੱਲ ਅੱਜ ਇਥੇ ਡੀਸੀ ਦਫ਼ਤਰ ਸਾਹਮਣੇ ਤੀਹ ਤੋਂ ਵੱਧ ਸੰਘਰਸ਼ਸ਼ੀਲ ਜਥੇਬੰਦੀਆਂ ਤੇ ਸਿਆਸੀ ਸੰਗਠਨਾਂ ਵਲੋਂ ਮਾਲੀ ਦੀ ਰਿਹਾਈ ਲਈ ਦਿੱਤੇ ਸਾਂਝੇ ਰੋਸ ਧਰਨੇ ਵਲੋਂ ਉਭਾਰੀ ਗਈ।
ਅੱਜ ਦੇ ਰੋਸ ਧਰਨੇ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀ, ਬੀਕੇਯੂ ਡਕੌਂਦਾ (ਧਨੇਰ) ਦੇ ਸੂਬਾ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਸੁਖਦਰਸ਼ਨ ਸਿੰਘ ਨੱਤ, ਆਰਟੀਆਈ ਐਕਟਵਿਸਟ ਮਾਨਿਕ ਗੋਇਲ, ਜਮਹੂਰੀ ਕਿਸਾਨ ਸਭਾ ਦੇ ਛੱਜੂ ਰਾਮ ਰਿਸ਼ੀ, ਸੀਪੀਆਈ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਮੀਰ, ਮੈਡੀਕਲ ਪ੍ਰੈਕਟੀਸ਼ਨਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਸੀਪੀਐਮ ਵਲੋਂ ਘਣਸ਼ਾਮ ਨਿੱਕੂ, ਬੀਕੇਯੂ ਲੱਖੋਵਾਲ ਦੇ ਸੂਬਾ ਆਗੂ ਨਿਰਮਲ ਸਿੰਘ ਝੰਡੂ ਕੇ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਜਸਬੀਰ ਕੌਰ ਨੱਤ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਐਸੋਸੀਏਸ਼ਨ ਵਲੋਂ ਰੋਜ਼ਾਨਾ ਅਜੀਤ ਦੇ ਬਲਵਿੰਦਰ ਸਿੰਘ ਧਾਲੀਵਾਲ, ਪੰਜਾਬੀ ਟ੍ਰਿਬਿਊਨ ਵਲੋਂ ਜੋਗਿੰਦਰ ਸਿੰਘ ਮਾਨ, ਨਵਾਂ ਜ਼ਮਾਨਾ ਵਲੋਂ ਆਤਮਾ ਸਿੰਘ ਪਮਾਰ, ਮੁਸਲਿਮ ਫਰੰਟ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਵੀ ਖਾਨ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਜਗਦੇਵ ਸਿੰਘ ਭੁਪਾਲ, ਹਰਗਿਆਨ ਸਿੰਘ ਢਿੱਲੋਂ, ਸੁਰਿੰਦਰ ਪਾਲ ਸ਼ਰਮਾ, ਸਿਕੰਦਰ ਸਿੰਘ ਘਰਾਂਗਣਾਂ, ਇਨਕਲਾਬੀ ਕੇਂਦਰ ਵਲੋਂ ਜਗਮੇਲ ਸਿੰਘ , ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ, ਗੁਰਸੇਵਕ ਮਾਨ, ਮੇਜਰ ਦੁੱਲੋਵਾਲ, ਏਪਵਾ ਆਗੂ ਬਲਵਿੰਦਰ ਕੌਰ ਖਾਰਾ ਸਮੇਤ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਧਰਨਾਕਾਰੀਆਂ ਵਲੋਂ ਮਾਲੀ ਦੀ ਰਿਹਾਈ ਲਈ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ ਡਿਪਟੀ ਕਮਿਸ਼ਨਰ ਮਾਨਸਾ ਲਈ ਐਸਡੀਐਮ ਨੇ ਧਰਨਾ ਸਥਾਨ ‘ਤੇ ਆ ਕੇ ਪ੍ਰਾਪਤ ਕੀਤਾ।