ਪ੍ਰਧਾਨ ਮੰਤਰੀ ਮੋਦੀ ਅਤੇ ਸਪੇਨ ਦੇ ਪੀਐਮ ਅੱਜ ਵਡੋਦਰਾ ’ਚ ਮਿਲਟਰੀ ਏਅਰਲਿਫਟ ਜਹਾਜ਼ ਬਣਾਉਣ ਲਈ ਪਲਾਂਟ ਦਾ ਉਦਘਾਟਨ ਕਰਨਗੇ
ਨਵੀਂ ਦਿੱਲੀ, 28 ਅਕਤੂਬਰ,ਬੋਲੇ ਪੰਜਾਬ ਬਿਊਰੋ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਸਪੇਨ ਦੇ ਹਮਰੁਤਬਾ ਪੇਡਰੋ ਸਾਂਚੇਜ਼ ਅੱਜ ਸੋਮਵਾਰ ਨੂੰ ਗੁਜਰਾਤ ਦੇ ਵਡੋਦਰਾ ’ਚ ਸੀ-295 ਰਣਨੀਤਕ ਮਿਲਟਰੀ ਏਅਰਲਿਫਟ ਜਹਾਜ਼ ਬਣਾਉਣ ਲਈ ਟਾਟਾ-ਏਅਰਬੱਸ ਪਲਾਂਟ ਦਾ ਉਦਘਾਟਨ ਕਰਨਗੇ। ਸਾਲ 2021 ’ਚ 56 ਸੀ-295 ਜਹਾਜ਼ਾਂ ਲਈ ਹੋਏ 21,935 ਕਰੋੜ ਰੁਪਏ ਦੇ ਸਮਝੌਤੇ ਤਹਿਤ ਦੋ ਟਰਬੋਪ੍ਰੋਪ ਜਹਾਜ਼ਾਂ ’ਚੋਂ 16 ਜਹਾਜ਼ ਸਿੱਧੇ ਸਪੇਨ ਤੋਂ ਏਅਰਬੱਸ ਰਾਹੀਂ ਅਤੇ 40 ਭਾਰਤ ’ਚ ਬਣਾਏ ਜਾਣੇ ਹਨ।
ਇਕ ਅਧਿਕਾਰੀ ਨੇ ਦਸਿਆ ਕਿ ਭਾਰਤ ਅਤੇ ਸਪੇਨ ਦੇ ਪ੍ਰਧਾਨ ਮੰਤਰੀ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਕੈਂਪਸ ’ਚ ਸੀ-295 ਜਹਾਜ਼ਾਂ ਦੇ ਨਿਰਮਾਣ ਲਈ ਟਾਟਾ ਏਅਰਕ੍ਰਾਫਟ ਕੰਪਲੈਕਸ ਦਾ ਸਾਂਝੇ ਤੌਰ ’ਤੇ ਉਦਘਾਟਨ ਕਰਨਗੇ।
ਨਵੀਂ ਸਹੂਲਤ ’ਚ ਤਿਆਰ ਕੀਤੇ ਜਾਣ ਵਾਲੇ 40 ਜਹਾਜ਼ਾਂ ’ਚੋਂ ਪਹਿਲਾ ਸਤੰਬਰ 2026 ’ਚ ਅਤੇ ਆਖਰੀ ਅਗੱਸਤ 2031 ’ਚ ਸ਼ੁਰੂ ਹੋਣ ਵਾਲਾ ਹੈ। 9 ਟਨ ਤਕ ਦੇ ਪੇਲੋਡ ਜਾਂ 71 ਫ਼ੌਜੀਆਂ ਨੂੰ ਲਿਜਾਣ ’ਚ ਸਮਰੱਥ ਸੀ-295 ਜਹਾਜ਼ ਚੀਨ ਸਰਹੱਦ ਦੇ ਨਾਲ-ਨਾਲ ਅੰਡੇਮਾਨ ਅਤੇ ਨਿਕੋਬਾਰ ਟਾਪੂ ਸਮੂਹ ਵਰਗੇ ਹੋਰ ਸਥਾਨਾਂ ’ਤੇ ਭਾਰਤੀ ਹਵਾਈ ਫੌਜ ਦੀ ਰਣਨੀਤਕ ਏਅਰਲਿਫਟ ਸਮਰੱਥਾ ਨੂੰ ਵਧਾਏਗਾ।
ਸੀ-295 ਜਹਾਜ਼ ਭਾਰਤੀ ਹਵਾਈ ਫੌਜ ਦੇ ਐਚ.ਐਸ.-748 ਐਵਰੋ ਬੇੜੇ ਦੀ ਥਾਂ ਲਵੇਗਾ।