ਚੱਕਰਵਾਤੀ ਤੂਫਾਨ ‘ਦਾਨਾ’ ਕਾਰਨ 300 ਉਡਾਣਾਂ, 552 ਟਰੇਨਾਂ ਰੱਦ, ਕੋਲਕਾਤਾ-ਭੁਵਨੇਸ਼ਵਰ ਹਵਾਈ ਅੱਡਾ ਬੰਦ
ਭੁਵਨੇਸ਼ਵਰ 25 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਬੰਗਾਲ ਦੀ ਖਾੜੀ ਤੋਂ ਉੱਠਿਆ ਚੱਕਰਵਾਤੀ ਤੂਫਾਨ ‘ਦਾਨਾ’ ਵੀਰਵਾਰ ਰਾਤ ਕਰੀਬ 12:30 ਵਜੇ ਉੜੀਸਾ ਦੇ ਤੱਟ ਨਾਲ ਟਕਰਾ ਗਿਆ। ਇਹ ਕੇਂਦਰਪਾੜਾ ਜ਼ਿਲੇ ਦੇ ਭੀਤਰਕਣਿਕਾ ਅਤੇ ਭਦਰਕ ਜ਼ਿਲੇ ਦੇ ਧਮਰਾ ਦੇ ਵਿਚਕਾਰ ਲਗਭਗ 110 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਪਹੁੰਚ ਗਿਆ। ਹਾਲਾਂਕਿ ਸਵੇਰੇ 6 ਵਜੇ ਇਸ ਦੀ ਰਫ਼ਤਾਰ ਘਟ ਕੇ 10 ਕਿਲੋਮੀਟਰ ਪ੍ਰਤੀ ਘੰਟਾ ਰਹਿ ਗਈ।
‘ਦਾਨਾ’ ਦੇ ਪ੍ਰਭਾਵ ਕਾਰਨ ਓਡੀਸ਼ਾ ‘ਚ ਬਾਰਿਸ਼ ਹੋ ਰਹੀ ਹੈ। 5.84 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਕਈ ਇਲਾਕਿਆਂ ‘ਚ ਦਰੱਖਤ ਉੱਖੜ ਗਏ। ਭਦਰਕ, ਕੇਂਦਰਪਾੜਾ ਵਿੱਚ 30 ਸੈਂਟੀਮੀਟਰ ਤੋਂ ਵੱਧ ਮੀਂਹ ਪੈਣ ਦੀ ਸੰਭਾਵਨਾ ਹੈ। ਤੂਫਾਨ ਦਾ ਅਸਰ 7 ਸੂਬਿਆਂ ‘ਚ ਨਜ਼ਰ ਆ ਰਿਹਾ ਹੈ
ਪੱਛਮੀ ਬੰਗਾਲ ਸਰਕਾਰ ਨੇ ਪ੍ਰਭਾਵਿਤ ਇਲਾਕਿਆਂ ਤੋਂ 1.59 ਲੱਖ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਹੈ। ਇਨ੍ਹਾਂ ਵਿੱਚੋਂ 83,537 ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲਿਜਾਇਆ ਗਿਆ ਹੈ। ਕੋਲਕਾਤਾ ਦੇ ਨੇਤਾਜੀ ਸੁਭਾਸ਼ ਚੰਦਰ ਬੋਸ ਹਵਾਈ ਅੱਡੇ ਨੂੰ ਸ਼ੁੱਕਰਵਾਰ ਸਵੇਰੇ 9 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ।