ਕਿਸਾਨ ਭਲਕੇ ਰਿਲਾਇੰਸ ਮਾਲ ਦਾ ਕਰਨਗੇ ਘਿਰਾਓ
ਬਠਿੰਡਾ 24 ਅਕਤੂਬਰ,ਬੋਲੇ ਪੰਜਾਬ ਬਿਊਰੋ :
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਸੱਦੇ ਤਹਿਤ ਝੋਨੇ ਦੀ ਖਰੀਦ ਨੂੰ ਲੈ ਕੇ ਟੋਲ ਪਲਾਜ਼ੇ, ਆਮ ਆਦਮੀ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਭਾਜਪਾ ਆਗੂਆਂ ਦੇ ਘਰਾਂ ਵਿੱਚ ਚੱਲ ਰਹੇ ਮੋਰਚਿਆਂ ਨੂੰ ਜਾਰੀ ਰੱਖਦਿਆਂ ਕੱਲ੍ਹ ਬਠਿੰਡਾ ਦੇ ਰਿਲਾਇੰਸ ਮਾਲ ਦਾ 12 ਤੋਂ 3 ਵਜੇ ਤੱਕ ਤਿੰਨ ਘੰਟੇ ਲਈ ਘਿਰਾਓ ਕਰਨ ਦਾ ਐਲਾਨ ਕੀਤਾ ਹੈ।
ਮੋਰਚਿਆਂ ਚ ਇਕੱਠਾਂ ਨੂੰ ਸੰਬੋਧਨ ਕਰਦਿਆਂ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸਿੰਗਾਰਾ ਸਿੰਘ ਮਾਨ,ਹਰਜਿੰਦਰ ਸਿੰਘ ਬੱਗੀ,ਬਸੰਤ ਸਿੰਘ ਕੋਠਾਗੁਰੂ, ਦਰਸਨ ਸਿੰਘ ਮਾਈਸਰਖਾਨਾ,ਜਗਦੇਵ ਸਿੰਘ ਜੋਗੇਵਾਲਾ, ਜਗਸੀਰ ਸਿੰਘ ਝੁੰਬਾ, ਹਰਿੰਦਰ ਬਿੰਦੂ, ਅਤੇ ਮਾਲਣ ਕੌਰ ਕੋਠਾਗੁਰੂ ਜਿੱਥੇ ਕਾਰਪੋਰੇਟ ਘਰਾਣਿਆਂ ਵੱਲੋਂ ਖੁੱਲੀ ਮੰਡੀ ਰਾਹੀਂ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਰਨ ਦੀਆਂ ਨੀਤੀਆਂ ਲਾਗੂ ਕਰਵਾਈਆਂ ਜਾ ਰਹੀਆਂ ਹਨ, ਉੱਥੇ ਵੱਡੇ ਮਾਲਾਂ ਰਾਹੀਂ ਛੋਟੇ ਦੁਕਾਨਦਾਰਾਂ ਦੇ ਕਾਰੋਬਾਰ ਫੇਲ੍ਹ ਕੀਤੇ ਜਾ ਰਹੇ ਹਨ, ਇਸ ਕਰਕੇ ਕਾਰਪੋਰੇਟ ਘਰਾਣੇ ਸਾਂਝੇ ਦੁਸ਼ਮਣ ਹਨ ਅਤੇ ਸ਼ਹਿਰਾਂ ਦੇ ਦੁਕਾਨਦਾਰਾਂ ਤੇ ਕਿਸਾਨਾਂ ਦੀ ਇਹ ਲੜਾਈ ਸਾਂਝੀ ਬਣਦੀ ਹੈ । ਉਹਨਾਂ ਸਮੂਹ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਕਾਰਪਰੇਟਾਂ ਹੱਥੋਂ ਆਪਣੇ ਕਾਰੋਬਾਰ ਲੁਟਾਉਣ ਤੋਂ ਰੋਕਣ ਲਈ ਮਾਲਾਂ ਅੱਗੇ ਦਿੱਤੇ ਜਾਣ ਵਾਲੇ ਧਰਨਿਆਂ ‘ਚ ਵੱਧ ਵੱਧ ਸ਼ਮੂਲੀਅਤ ਕਰਨ ।
ਕਿਸਾਨ ਆਗੂਆਂ ਨੇ ਕਿਹਾ ਕਿ ਜਥੇਬੰਦੀ ਵੱਲੋਂ ਪਿੰਡਾਂ ਦੀਆਂ ਮੰਡੀਆਂ ਵਿੱਚ ਜਾ ਕੇ ਰਿਪੋਰਟਾਂ ਇਕੱਠੀਆਂ ਕੀਤੀਆਂ ਜਿੱਥੋਂ ਕਿਸਾਨਾਂ ਨੇ ਜਾਣਕਾਰੀ ਦਿੱਤੀ ਕਿ ਅਜੇ ਤੱਕ ਪਿੰਡਾਂ ਵਾਲੀਆਂ ਮੰਡੀਆਂ ਵਿੱਚ ਖਰੀਦ ਏਜੰਸੀਆਂ ਦੇ ਇੰਸਪੈਕਟਰ ਸ਼ਾਮਿਲ ਹੀ ਨਹੀਂ ਹੋਏ। ਕੇਂਦਰ ਅਤੇ ਪੰਜਾਬ ਦੀ ਸਰਕਾਰ ਝੋਨੇ ਦੀ ਖਰੀਦ ਨਾਲ ਸਬੰਧਤ ਮਸਲੇ ਹੱਲ ਨਾ ਕਰਕੇ ਕਿਸਾਨਾਂ ਅਤੇ ਦਾਣਾ ਮੰਡੀਆਂ ਦੇ ਮਜ਼ਦੂਰਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਕਰ ਰਹੀ ਹੈ। ਕਿਸਾਨ ਆਗੂਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੁਚੇਤ ਕਰਦਿਆਂ ਕਿ ਜੋ ਇੱਕਾ ਦੁੱਕਾ ਮੰਡੀਆਂ ਵਿੱਚ ਖਰੀਦ ਦਾ ਕੰਮ ਸ਼ੁਰੂ ਕੀਤਾ ਹੈ ਇਹ ਆਰਜੀ ਅਤੇ ਲੋਕਾਂ ਦੇ ਘੋਲ ਨੂੰ ਮੱਠਾ ਪਾਉਣ ਲਈ ਹੈ ਇਸ ਲਈ ਸਰਕਾਰ ਦੀ ਇਸ ਚਾਲ ਨੂੰ ਸਮਝਦਿਆਂ ਹੋਇਆਂ ਉਨਾਂ ਅਪੀਲ ਕੀਤੀ ਕਿ ਚੱਲ ਰਹੇ ਮੋਰਚਿਆਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਝੋਨੇ ਦੀ ਸਰਕਾਰੀ ਖਰੀਦ ਤੇ ਝੋਨਾ ਖਰੀਦਣ ਅਤੇ ਮੰਡੀਆਂ ਚੋਂ ਚੁਕਾਉਣ ਲਈ ਸਰਕਾਰ ਨੂੰ ਮਜਬੂਰ ਕੀਤਾ ਜਾ ਸਕੇ।