ਮਾਲੀ ਦੀ ਰਿਹਾਈ ਲਈ ਮਾਨਸਾ ਵਿਖੇ ਸਾਂਝਾ ਰੋਸ ਧਰਨਾ 28 ਅਕਤੂਬਰ ਨੂੰ
ਮਾਨਸਾ, 23 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਪ੍ਰਮੁੱਖ ਸਿਆਸੀ ਆਲੋਚਕ ਤੇ ਟਿੱਪਣੀਕਾਰ ਵਜੋਂ ਜਾਣੇ ਜਾਂਦੇ ਮਾਲਵਿੰਦਰ ਸਿੰਘ ਮਾਲੀ, ਜਿੰਨਾਂ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਨਘੜਤ ਕੇਸ ਵਿੱਚ ਮੋਹਾਲੀ ਪੁਲੀਸ ਨੇ 16 ਸਤੰਬਰ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਉਹ ਹਾਲੇ ਵੀ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਬੰਦ ਹਨ – ਦੀ ਰਿਹਾਈ ਲਈ ਮਾਨਸਾ ਜ਼ਿਲ੍ਹੇ ਦੀਆਂ ਕਿਸਾਨ ਮਜ਼ਦੂਰ ਮੁਲਾਜ਼ਮ ਜਥੇਬੰਦੀਆਂ ਅਤੇ ਸਮੂਹ ਇਨਸਾਫ ਪਸੰਦ ਸੰਗਠਨਾਂ ਤੇ ਪਾਰਟੀਆਂ ਨੇ 28 ਅਕਤੂਬਰ ਨੂੰ ਇਥੇ ਡੀਸੀ ਦਫ਼ਤਰ ਸਾਹਮਣੇ ਇਕ ਸਾਂਝਾ ਰੋਸ ਧਰਨਾ ਦੇਣ ਦਾ ਐਲਾਨ ਕੀਤਾ ਹੈ।
ਇਸ ਬਾਰੇ ਮਾਲਵਿੰਦਰ ਮਾਲੀ ਰਿਹਾਈ ਮੁਹਿੰਮ ਦੇ ਇਕ ਆਗੂ ਸੁਖਦਰਸ਼ਨ ਸਿੰਘ ਨੱਤ ਵਲੋਂ ਜਾਰੀ ਇਕ ਬਿਆਨ ਵਿੱਚ ਦਸਿਆ ਗਿਆ ਹੈ ਕਿ ਪੰਜਾਬ ਦੇ ਸਾਰੇ ਜਨਤਕ ਤੇ ਸਿਆਸੀ ਸੰਗਠਨਾਂ ਵਲੋਂ ਇਹ ਝੂਠਾ ਕੇਸ ਰੱਦ ਕਰਨ ਦੀ ਪੁਰਜ਼ੋਰ ਮੰਗ ਕਰਨ ਦੇ ਬਾਵਜੂਦ, ਤਾਨਾਸ਼ਾਹ ਮੋਦੀ ਦੀ ਪੈੜ ‘ਚ ਪੈੜ ਧਰਦਿਆਂ ਭਗਵੰਤ ਮਾਨ ਸਰਕਾਰ ਅਪਣੀ ਜ਼ਿਦ ਉਤੇ ਅੜੀ ਹੋਈ ਹੈ। ਜਦੋਂ ਕਿ ਮੁਹਾਲੀ ਪੁਲੀਸ ਪ੍ਰਸ਼ਾਸਨ ਇਸ ਮਾਮਲੇ ਵਿੱਚ ਕਾਨੂੰਨੀ ਤੌਰ ‘ਤੇ ਅਪਣੀ ਪੁਜੀਸ਼ਨ ਕਸੂਤੀ ਹੋਈ ਵੇਖ ਕੇ ਮਾਲਵਿੰਦਰ ਮਾਲੀ ਉਪਰ ਵਾਰ ਵਾਰ ਜ਼ਮਾਨਤ ਕਰਵਾਉਣ ਲਈ ਜ਼ੋਰ ਪਾ ਰਿਹਾ ਹੈ। ਪਰ ਮਾਲੀ ਦਾ ਸਟੈਂਡ ਹੈ ਕਿ ਉਸ ਦੀ ਜ਼ੁਬਾਨਬੰਦੀ ਲਈ ਬਣਾਏ ਗਏ ਇਸ ਝੂਠੇ ਕੇਸ ‘ਚੋਂ ਜ਼ਮਾਨਤ ਕਰਵਾ ਕੇ ਬਾਹਰ ਆਉਣ ਦੀ ਬਜਾਏ , ਉਹ ਕੇਸ ਰੱਦ ਹੋਣ ਤੱਕ ਜੇਲ੍ਹ ਵਿੱਚ ਬੈਠਣਾ ਹੀ ਪਸੰਦ ਕਰੇਗਾ। 19 ਅਕਤੂਬਰ ਨੂੰ ਇਸ ਮੁੱਦੇ ਤੇ ਚੰਡੀਗੜ੍ਹ ਵਿਖੇ ਹੋਈ ਵੱਖ ਵੱਖ ਸੰਗਠਨਾਂ ਦੀ ਇੱਕ ਸਾਂਝੀ ਮੀਟਿੰਗ ਨੇ ਫੈਸਲਾ ਕੀਤਾ ਸੀ ਕਿ ਮਾਲੀ ਦੀ ਰਿਹਾਈ ਦੀ ਮੰਗ ਨੂੰ ਲੈਕੇ ਜਨਤਕ ਦਬਾਅ ਬਣਾਉਣ ਲਈ 28 ਅਕਤੂਬਰ ਅਤੇ 4 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈਡਕੁਆਰਟਰਾਂ ਉਤੇ ਰੋਸ ਪ੍ਰਦਰਸ਼ਨ ਕੀਤੇ ਜਾਣ।
ਉਸੇ ਫੈਸਲੇ ਤਹਿਤ 28 ਅਕਤੂਬਰ ਨੂੰ ਮਾਨਸਾ ਜ਼ਿਲ੍ਹੇ ਦੀਆਂ ਸਮੂਹ ਜਮਹੂਰੀ, ਸੰਘਰਸ਼ਸ਼ੀਲ ਤੇ ਲੋਕ ਪੱਖੀ ਜਥੇਬੰਦੀਆਂ ਵਲੋਂ ਸਵੇਰੇ 11 ਵਜੇ ਬਾਲ ਭਵਨ, ਜ਼ਿਲ੍ਹਾ ਕਚਹਿਰੀ ਮਾਨਸਾ ਵਿਖੇ ਇਕ ਸਾਂਝਾ ਰੋਸ ਧਰਨਾ ਦਿੱਤਾ ਜਾ ਰਿਹਾ ਹੈ।
ਬਿਆਨ ਵਿੱਚ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਅਮਰੀਕ ਸਿੰਘ ਫਫੜੇ, ਲਖਬੀਰ ਸਿੰਘ ਅਕਲੀਆ, ਭਜਨ ਸਿੰਘ ਘੁੰਮਣ, ਪਰਵਿੰਦਰ ਸਿੰਘ ਝੋਟਾ, ਕ੍ਰਿਸ਼ਨ ਚੌਹਾਨ, ਹਰਗਿਆਨ ਢਿੱਲੋਂ, ਵਿਜੇ ਕੁਮਾਰ ਭੀਖੀ, ਘਣਸ਼ਾਮ ਨਿੱਕੂ, ਰਾਜਵਿੰਦਰ ਮੀਰ, ਡਾ. ਧੰਨਾ ਮੱਲ ਗੋਇਲ, ਰਵੀ ਖਾਨ, ਹਰਿੰਦਰ ਸਿੰਘ ਮਾਨਸ਼ਾਹੀਆ, ਭੀਮ ਸਿੰਘ ਮੰਡੇਰ, ਅਮੋਲਕ ਡੇਲੂਆਣਾ, ਸੁਰਿੰਦਰ ਪਾਲ ਸ਼ਰਮਾ, ਐਡ. ਅਜਾਇਬ ਗੁਰੂ, ਬਲਵਿੰਦਰ ਘਰਾਂਗਣਾਂ ਤੇ ਗਗਨਦੀਪ ਸਿਰਸੀਵਾਲਾ ਨੇ ਸਮੂਹ ਜਾਗਰੂਕ ਸੰਗਠਨਾਂ ਤੇ ਵਿਅਕਤੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਤਾਨਾਸ਼ਾਹੀ ਦਾ ਵਿਰੋਧ ਕਰਨ ਅਤੇ ਲਿਖਣ ਤੇ ਬੋਲਣ ਦੀ ਸੰਵਿਧਾਨਕ ਆਜ਼ਾਦੀ ਦੀ ਰਾਖੀ ਲਈ, ਉਹ ਇਸ ਸਾਂਝੇ ਰੋਸ ਧਰਨੇ ਵਿੱਚ ਭਰਪੂਰ ਸ਼ਮੂਲੀਅਤ ਕਰਨ, ਤਾਂ ਕਿ ਮਾਨ ਸਰਕਾਰ ਦੇ ਧੱਕੇ ਤੇ ਮਨਮਾਨੀਆਂ ਖ਼ਿਲਾਫ਼ ਜੋਰਦਾਰ ਆਵਾਜ਼ ਉਠਾਈ ਜਾ ਸਕੇ।