ਦਿੱਲੀ ਦੀ ਹਵਾ ਹੋਈ ਹੋਰ ਜ਼ਿਆਦਾ ਖਰਾਬ, GRAP ਦਾ ਦੂਜਾ ਪੜਾਅ ਲਾਗੂ

ਨੈਸ਼ਨਲ

ਦਿੱਲੀ ਦੀ ਹਵਾ ਹੋਈ ਹੋਰ ਜ਼ਿਆਦਾ ਖਰਾਬ, GRAP ਦਾ ਦੂਜਾ ਪੜਾਅ ਲਾਗੂ


ਨਵੀਂ ਦਿੱਲੀ, 22 ਅਕਤੂਬਰ,ਬੋਲੇ ਪੰਜਾਬ ਬਿਊਰੋ :


ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਕੌਮੀ ਰਾਜਧਾਨੀ ’ਚ ਹਵਾ ਦੀ ਗੁਣਵੱਤਾ ਦੇ ਵਿਗੜਦੇ ਪੱਧਰ ਦੇ ਮੱਦੇਨਜ਼ਰ ਸੋਮਵਾਰ ਨੂੰ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਦੂਜੇ ਪੜਾਅ ਨੂੰ ਲਾਗੂ ਕਰ ਦਿਤਾ, ਜਿਸ ’ਚ ਕੋਲੇ ਅਤੇ ਲਕੜੀ ਬਾਲਣ ਦੇ ਨਾਲ ਡੀਜ਼ਲ ਜੈਨਰੇਟਰ ਸੈੱਟ ਦੇ ਪ੍ਰਯੋਗ ’ਤੇ ਪਾਬੰਦੀ ਲਗਾ ਦਿਤੀ ਗਈ ਹੈ। 
ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਕੇਂਦਰ ਦੀ ਸਬ-ਕਮੇਟੀ ਮੰਗਲਵਾਰ ਸਵੇਰੇ 8 ਵਜੇ ਤੋਂ ਕੌਮੀ ਰਾਜਧਾਨੀ ਖੇਤਰ ’ਚ ਸੋਧੇ ਹੋਏ GRAP ਦੇ ਦੂਜੇ ਪੜਾਅ ਦੇ ਅਨੁਸਾਰ 11-ਨੁਕਾਤੀ ਕਾਰਜ ਯੋਜਨਾ ਨੂੰ ਲਾਗੂ ਕਰੇਗੀ। ਇਕ ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਖੇਤਰ ਵਿਚ ਹਵਾ ਦੀ ਗੁਣਵੱਤਾ ਦੀ ਵਿਆਪਕ ਸਮੀਖਿਆ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਨਿੱਜੀ ਆਵਾਜਾਈ ਨੂੰ ਕੰਟਰੋਲ ਕਰਨ ਲਈ GRAP ਦੇ ਦੂਜੇ ਪੜਾਅ ਤਹਿਤ ਸ਼ਹਿਰ ’ਚ ਪਾਰਕਿੰਗ ਫੀਸਾਂ ’ਚ ਵੀ ਵਾਧਾ ਕੀਤਾ ਜਾਵੇਗਾ। 
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ, ਸੋਮਵਾਰ ਨੂੰ ਦਿੱਲੀ ’ਚ ਰੋਜ਼ਾਨਾ ਔਸਤ ਹਵਾ ਗੁਣਵੱਤਾ ਸੂਚਕ ਅੰਕ (ਏ.ਕਿਊ.ਆਈ.) 310 ਦਰਜ ਕੀਤਾ ਗਿਆ, ਜੋ ‘ਬਹੁਤ ਖਰਾਬ’ ਸ਼੍ਰੇਣੀ ’ਚ ਆਉਂਦਾ ਹੈ। ਭਾਰਤੀ ਮੌਸਮ ਵਿਭਾਗ (IMD) ਅਤੇ ਆਈ.ਆਈ.ਟੀ. ਮਦਰਾਸ ਦੀ ਭਵਿੱਖਬਾਣੀ ਅਨੁਸਾਰ, ਖਰਾਬ ਮੌਸਮ ਅਤੇ ਜਲਵਾਯੂ ਸਥਿਤੀਆਂ ਕਾਰਨ ਆਉਣ ਵਾਲੇ ਦਿਨਾਂ ’ਚ ਦਿੱਲੀ ਦਾ ਰੋਜ਼ਾਨਾ ਔਸਤ AQI ‘ਬਹੁਤ ਖਰਾਬ’ ਸ਼੍ਰੇਣੀ (301 ਤੋਂ 400 ਦੇ ਵਿਚਕਾਰ) ’ਚ ਰਹਿਣ ਦੀ ਸੰਭਾਵਨਾ ਹੈ।
ਬਿਆਨ ’ਚ ਕਿਹਾ ਗਿਆ ਹੈ ਕਿ ਕੌਮੀ ਰਾਜਧਾਨੀ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ ’ਚ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (ਸੀ.ਏ.ਕਿਊ.ਐੱਮ.) ਦੀ ਸਬ-ਕਮੇਟੀ ਨੇ ਹਵਾ ਦੀ ਗੁਣਵੱਤਾ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਸੋਮਵਾਰ ਨੂੰ ਬੈਠਕ ਕੀਤੀ। ਹਵਾ ਦੀ ਗੁਣਵੱਤਾ ’ਚ ਹੋਰ ਗਿਰਾਵਟ ਨੂੰ ਰੋਕਣ ਦੀ ਕੋਸ਼ਿਸ਼ ’ਚ, GRAP ਦੇ ਸੰਚਾਲਨ ਲਈ ਸਬ-ਕਮੇਟੀ ਨੇ ਸੋਧੇ ਹੋਏ GRAP ਪੜਾਅ-2 ਦੇ ਅਨੁਸਾਰ ਪੂਰੇ NCR ’ਚ 11-ਨੁਕਾਤੀ ਕਾਰਜ ਯੋਜਨਾ ਲਾਗੂ ਕਰਨ ਦਾ ਫੈਸਲਾ ਕੀਤਾ ਹੈ।
ਬਿਆਨ ’ਚ GRAP ਤਹਿਤ ਉਪਾਵਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਏਜੰਸੀਆਂ ਨੂੰ GRAP ਦੇ ਦੂਜੇ ਪੜਾਅ ਨੂੰ ਸਫਲਤਾਪੂਰਵਕ ਅਤੇ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਇਸ ਸਮੇਂ ਦੌਰਾਨ ਐਮਰਜੈਂਸੀ ਅਤੇ ਜ਼ਰੂਰੀ ਸੇਵਾਵਾਂ ਜਿਵੇਂ ਕਿ ਮੈਡੀਕਲ ਸੇਵਾਵਾਂ, ਰੇਲਵੇ ਸੇਵਾਵਾਂ, ਮੈਟਰੋ ਅਤੇ MRTS ਸੇਵਾਵਾਂ, ਹਵਾਈ ਅੱਡੇ ਅਤੇ ਅੰਤਰਰਾਜੀ ਬੱਸ ਟਰਮੀਨਲ ਨੂੰ ਛੋਟ ਦਿਤੀ ਜਾਵੇਗੀ।

Leave a Reply

Your email address will not be published. Required fields are marked *