ਬਠਿੰਡਾ ਜੇਲ੍ਹ ਤੋਂ ਤਿੰਨ ਖ਼ਤਰਨਾਕ ਨਸ਼ਾ ਤਸਕਰ ਆਸਾਮ ਦੀ ਜੇਲ੍ਹ ਵਿੱਚ ਤਬਦੀਲ
ਚੰਡੀਗੜ੍ਹ, 21 ਅਕਤੂਬਰ,ਬੋਲੇ ਪੰਜਾਬ ਬਿਊਰੋ :
ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਸੂਬੇ ਦੀਆਂ ਜੇਲਾਂ ‘ਚੋਂ ਨਸ਼ਾ ਤਸਕਰੀ ਦਾ ਰੈਕੇਟ ਚਲਾ ਰਹੇ ਸਮੱਗਲਰਾਂ ਖਿਲਾਫ ਸਖਤ ਕਾਰਵਾਈ ਕੀਤੀ ਹੈ। ਇਸ ਨੇ ਪੰਜਾਬ ਦੇ ਤਿੰਨ ਨਸ਼ਾ ਤਸਕਰਾਂ ਦੀ ਹਿਰਾਸਤ ਇੱਕ ਸਾਲ ਲਈ ਵਧਾਉਣ ਵਿੱਚ ਮਦਦ ਕੀਤੀ ਹੈ। ਇਹ ਪਹਿਲਾ ਮਾਮਲਾ ਹੈ ਜਦੋਂ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਪੰਜਾਬ ਦੀ ਬਠਿੰਡਾ ਜੇਲ੍ਹ ਤੋਂ ਦੋ ਖ਼ਤਰਨਾਕ ਨਸ਼ਾ ਤਸਕਰਾਂ ਨੂੰ ਆਸਾਮ ਦੀ ਜੇਲ੍ਹ ਵਿੱਚ ਤਬਦੀਲ ਕੀਤਾ ਹੈ। ਇਸ ਨਾਲ ਪੁਲਿਸ ਅਤੇ ਸਮੱਗਲਰਾਂ ਦੇ ਗਠਜੋੜ ਨੂੰ ਤੋੜਨ ਵਿੱਚ ਮਦਦ ਮਿਲੇਗੀ।
ਐਨਸੀਬੀ ਅਨੁਸਾਰ ਇਹ ਖ਼ਤਰਨਾਕ ਅਪਰਾਧੀ ਜੇਲ੍ਹ ਦੇ ਅੰਦਰੋਂ ਵੀ ਆਪਣਾ ਨੈੱਟਵਰਕ ਚਲਾਉਂਦੇ ਸਨ ਅਤੇ ਆਸਾਮ ਵਿੱਚ ਇਨ੍ਹਾਂ ਦੇ ਤਬਾਦਲੇ ਨਾਲ ਪੰਜਾਬ ਵਿੱਚ ਇਨ੍ਹਾਂ ਦਾ ਨਸ਼ਾ ਤਸਕਰੀ ਦਾ ਨੈੱਟਵਰਕ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਫੜਿਆ ਗਿਆ ਤੀਜਾ ਮੁਲਜ਼ਮ 1992 ਤੋਂ ਪੰਜਾਬ ਦੀ ਭਾਰਤ-ਪਾਕਿਸਤਾਨ ਸਰਹੱਦ ‘ਤੇ ਕੰਮ ਕਰ ਰਿਹਾ ਖਤਰਨਾਕ ਤਸਕਰ ਹੈ।
ਨਾਰਕੋਟਿਕਸ ਕੰਟਰੋਲ ਬਿਊਰੋ, ਸੂਬਾ ਪੁਲਿਸ ਦੇ ਸਹਿਯੋਗ ਨਾਲ ਜੇਲ੍ਹਾਂ ਵਿੱਚ ਬੰਦ ਹੋਰ ਨਸ਼ਾ ਤਸਕਰਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਵਿੱਚ ਹੈ, ਜੋ ਜੇਲ੍ਹ ਤੋਂ ਹੀ ਆਪਣਾ ਨੈੱਟਵਰਕ ਚਲਾ ਰਹੇ ਹਨ। ਅਜਿਹੇ ਸਮੱਗਲਰਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸੂਬੇ ਦੀਆਂ ਹੋਰ ਜੇਲ੍ਹਾਂ ਵਿੱਚ ਭੇਜਿਆ ਜਾਵੇਗਾ, ਤਾਂ ਜੋ ਇਨ੍ਹਾਂ ਦੇ ਤਸਕਰੀ ਦੇ ਰੈਕੇਟ ਨੂੰ ਤੋੜਿਆ ਜਾ ਸਕੇ।