ਅਕਾਲ ਤਖ਼ਤ ਸਾਹਿਬ ਨੂੰ ਸੰਘ ਤੇ ਅਕਾਲੀ ਧੜਿਆਂ ਦੀ ਸੁਆਰਥੀ ਜਕੜ ਤੋਂ ਮੁਕਤ ਕਰਵਾਉਣ ਦੀ ਲੋੜ -ਲਿਬਰੇਸ਼ਨ

ਪੰਜਾਬ

ਮੁੜ ਜ਼ੁਲਮ ਤੇ ਅਨਿਆਂ ਵਿਰੁੱਧ ਮਾਨਵਤਾ ਤੇ ਸਾਂਝੀਵਾਲਤਾ ਦੇ ਪ੍ਰੇਰਨਾ ਕੇਂਦਰ ਵਜੋਂ ਉਭਾਰਿਆ ਜਾਵੇ – ਲਿਬਰੇਸ਼ਨ

ਅਸਤੀਫਾ ਪ੍ਰਵਾਨ ਕਰਨ ਦੀ ਬਜਾਏ, ਬਾਦਲ ਦਲ ਵਲਟੋਹਾ ਨੂੰ ਪਾਰਟੀ ਵਿਚੋਂ ਖ਼ਾਰਜ ਕਰੇ

ਮਾਨਸਾ, 18 ਅਕਤੂਬਰ,ਬੋਲੇ ਪੰਜਾਬ ਬਿਊਰੋ:

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਨਾਮ ਵਲਟੋਹਾ ਵਿਵਾਦ ਬਾਰੇ ਟਿੱਪਣੀ ਕਰਦਿਆਂ ਸੀਪੀਆਈ (ਐਮ ਐਲ) ਲਿਬਰੇਸ਼ਨ ਦਾ ਕਹਿਣਾ ਹੈ ਕਿ ਇਸ ਮੁੱਦੇ ‘ਤੇ ਬਾਦਲ ਦਲ ਲੀਡਰਸ਼ਿਪ ਦੀ ਖਾਮੋਸ਼ੀ ਦਸਦੀ ਹੈ ਕਿ ਇਹ ਮਾਮਲਾ ਸਿਰਫ ਵਿਰਸਾ ਸਿੰਘ ਵਲਟੋਹਾ ਦੇ ਨਿੱਜ ਤੱਕ ਸੀਮਤ ਨਹੀਂ, ਬਲਕਿ ਉਸ ਦੇ ਪਿੱਛੇ ਸੁਖਬੀਰ ਸਿੰਘ ਬਾਦਲ ਬੋਲ ਰਿਹਾ ਹੈ ਅਤੇ ਇਹ ਲੋਕ ਜਥੇਦਾਰਾਂ ਨੂੰ ਯਰਕਾ ਕੇ ਹੁਣ ਵੀ ਪਹਿਲਾਂ ਵਾਂਗ ਅਪਣੇ ਪੱਖ ਵਿੱਚ ਅਪਣੀ ਮਰਜ਼ੀ ਦੇ ਫੈਸਲੇ ਕਰਵਾਉਣਾ ਚਾਹੁੰਦੇ ਹਨ। ਪਰ ਜੇਕਰ ਜਥੇਦਾਰਾਂ ਵਿੱਚ ਗ਼ਲਤ ਦੇ ਖਿਲਾਫ ਅਤੇ ਨਿਆਂ ਦੇ ਹੱਕ ਵਿੱਚ ਡੱਟਣ ਵਾਲੀਆਂ ਜੁਝਾਰੂ ਤੇ ਮਾਨਵੀ ਸਿੱਖ ਰਵਾਇਤਾਂ ਦਾ ਕੋਈ ਵੀ ਅੰਸ਼ ਮੌਜੂਦ ਹੈ, ਤਾਂ ਅਸਤੀਫੇ ਦੇ ਕੇ ਮੈਦਾਨ ਛੱਡਣ ਦੀ ਬਜਾਏ ਉਨ੍ਹਾਂ ਨੂੰ ਗੁਰੂ ਸਾਹਿਬਾਨਾਂ ਵਲੋਂ ਮਿੱਥੇ ਉਦੇਸ਼ਾਂ ਮੁਤਾਬਿਕ ਸਿੱਖ ਪੰਥ ਅਤੇ ਅਕਾਲ ਤਖ਼ਤ ਸਾਹਿਬ ਨੂੰ ਅਕਾਲੀ ਧੜਿਆਂ ਅਤੇ ਆਰਐਸਐਸ ਦੋਵਾਂ ਦੀ ਜਕੜ ਵਿਚੋਂ ਮੁਕਤ ਕਰਵਾ ਕੇ, ਮੁੜ ਸਮੁੱਚੀ ਮਾਨਵਤਾ ਨੂੰ ਪਿਆਰ, ਸਾਂਝੀਵਾਲਤਾ ਤੇ ਜ਼ੁਲਮ ਵਿਰੁੱਧ ਜੂਝਣ ਦਾ ਸੰਦੇਸ਼ ਦੇਣ ਵਾਲੇ ਪ੍ਰੇਰਨਾ ਕੇਂਦਰ ਵਜੋਂ ਉਭਾਰਨ ਲਈ ਦਲੇਰੀ ਨਾਲ ਡੱਟ ਕੇ ਯਤਨ ਕਰਨੇ ਚਾਹੀਦੇ ਹਨ।
ਲਿਬਰੇਸ਼ਨ ਦੀ ਪੰਜਾਬ ਇਕਾਈ ਦੇ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰ ਅਤੇ ਸੂਬਾਈ ਬੁਲਾਰੇ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਬੇਸ਼ੱਕ ਵਲਟੋਹਾ ਇਕ ਗੋਡੇ ਟੇਕੂ ਦਹਿਸ਼ਤਗਰਦ ਤੋਂ ਇਕ ਮੌਕਾਪ੍ਰਸਤ ਸਿਆਸੀ ਲੀਡਰ ਵਿਚ ਬਦਲ ਚੁੱਕਾ ਹੈ, ਪਰ ਉਸ ਦੇ ਯਰਕਾਊ ਢੰਗ ਤਰੀਕੇ ਉਹੀ ਪੁਰਾਣੇ ਹਨ । ਇਹ ਭ੍ਰਿਸ਼ਟ ਟੋਲਾ ਜਿਵੇਂ ਸਤਾਧਾਰੀ ਹੁੰਦਿਆਂ ਜਥੇਦਾਰਾਂ ਤੋਂ ਮਨਮਾਨੇ ਫੈਸਲੇ ਕਰਵਾਉਂਦਾ ਰਿਹਾ ਹੈ, ਹੁਣ ਵੀ ਉਵੇਂ ਹੀ ਅਪਣੀ ਮਨਮਰਜ਼ੀ ਪੁਗਾਉਣਾ ਚਾਹੁੰਦਾ ਹੈ। ਪਰ ਵਲਟੋਹੇ ਵਲੋਂ ਗਿਆਨੀ ਹਰਪ੍ਰੀਤ ਸਿੰਘ ਦੀ ਜਾਤ ਤੱਕ ਨੌਲਣਾ ਅਤੇ ਉਨ੍ਹਾਂ ਦੇ ਪਰਿਵਾਰ ਤੇ ਬੱਚੀਆਂ ਬਾਰੇ ਟਿੱਪਣੀਆਂ ਕਰਨਾ ਐਨਾ ਸ਼ਰਮਨਾਕ ਤੇ ਨਿੰਦਣਯੋਗ ਹੈ ਕਿ ਇਸ ਨੂੰ ਸਾਡੇ ਸਮਾਜ ਦਾ ਕੋਈ ਵੀ ਹਿੱਸਾ ਪ੍ਰਵਾਨ ਨਹੀਂ ਕਰਦਾ।
ਲਿਬਰੇਸ਼ਨ ਆਗੂਆਂ ਦਾ ਕਹਿਣਾ ਹੈ ਕਿ ਹਾਲਾਂ ਕਿ ਬਾਦਲ ਦਲ ਵਿੱਚ 1920 ਵਿੱਚ ਮਹਾਨ ਉਦੇਸ਼ਾਂ ਨੂੰ ਲੈ ਕੇ ਸਥਾਪਤ ਸ਼੍ਰੋਮਣੀ ਅਕਾਲੀ ਦਲ ਵਰਗਾ ਕੋਈ ਗੁਣ ਬਾਕੀ ਨਹੀਂ ਬਚਿਆ, ਤਦ ਵੀ ਅਸੀਂ ਬਾਦਲ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਤੋਂ ਮੰਗ ਕਰਦੇ ਹਾਂ ਕਿ ਵਲਟੋਹਾ ਦਾ ਅਸਤੀਫ਼ਾ ਪ੍ਰਵਾਨ ਕਰਨ ਦੀ ਬਜਾਏ, ਉਨ੍ਹਾਂ ਨੂੰ ਇਸ ਜਾਤ ਹੰਕਾਰੀ ਤੇ ਉਜੱਡ ਬੰਦੇ ਨੂੰ ਪਾਰਟੀ ਵਿਚੋਂ ਖ਼ਾਰਜ ਕਰ ਦੇਣਾ ਚਾਹੀਦਾ ਹੈ।

Leave a Reply

Your email address will not be published. Required fields are marked *