ਪੁਲਿਸ ਮੁਲਾਜ਼ਮ ਨੇ ਕੇਸ ਦੀ ਕਾਰਵਾਈ ਵਿੱਚ ਮਦਦ ਕਰਨ ਬਦਲੇ ਪਹਿਲਾਂ ਵੀ ਲਈ ਸੀ 1 ਲੱਖ ਰੁਪਏ ਦੀ ਰਿਸ਼ਵਤ
ਚੰਡੀਗੜ੍ਹ, 11 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਿਟੀ ਥਾਣੇ ਵਿੱਚ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸਦੇ ਸਾਥੀ ਜਸਕਰਨ ਸਿੰਘ ਉਰਫ਼ ਜੱਸਾ ਵਾਸੀ ਪਿੰਡ ਬੁਰਜ ਹਮੀਰਾ, ਜ਼ਿਲ੍ਹਾ ਮੋਗਾ ਨੂੰ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀਆਂ ਕੁਲਵਿੰਦਰ ਕੌਰ ਵਾਸੀ ਪਿੰਡ ਚਾਚੋਕੀ, ਫਗਵਾੜਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਕੀਤੀਆਂ ਗਈਆਂ ਹਨ।
ਹੋਰ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਕੁਲਵਿੰਦਰ ਕੌਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਨੇ ਮਾਰਚ ਵਿੱਚ ਉਸ ਦੇ ਲੜਕੇ ਹਰਸ਼ਦੀਪ, ਉਸ ਦੀ ਪਤਨੀ ਆਸ਼ਿਮਾ ਅਤੇ ਸਾਲੇ ਅੰਸ਼ ਸ਼ਰਮਾ ਨੂੰ ਉਸ ਸਮੇਂ ਹਿਰਾਸਤ ਵਿੱਚ ਲਿਆ ਸੀ ਜਦੋਂ ਉਹ ਫਗਵਾੜਾ ਦੇ ਇੱਕ ਸਥਾਨਕ ਹੋਟਲ ਵਿੱਚ ਖਾਣਾ ਖਾ ਰਹੇ ਸਨ। ਇਸ ਉਪਰੰਤ ਉਸ ਦੇ ਪੁੱਤਰ ਵਿਰੁੱਧ ਉਕਤ ਥਾਣੇ ‘ਚ ਨਾਰਕੋਟਿਕ ਡਰੱਗ ਐਂਡ ਸਾਈਕੋਟ੍ਰੋਪਿਕ ਸਬਸਟਾਂਸ ਐਕਟ (ਐਨ.ਡੀ.ਪੀ.ਐਸ.) ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਉਕਤ ਪੁਲਸ ਮੁਲਾਜ਼ਮ ਨੇ ਹਰਸ਼ਦੀਪ ਦੀ ਪਤਨੀ ਅਤੇ ਸਾਲੇ ਨੂੰ ਇਸ ਕੇਸ ‘ਚ ਸ਼ਾਮਲ ਨਾ ਕਰਨ ਦੇ ਬਦਲੇ 50,000 ਰੁਪਏ ਰਿਸ਼ਵਤ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੇ ਦਬਾਅ ਵਿੱਚ ਆ ਕੇ ਉਸ ਨੂੰ ਰਿਸ਼ਵਤ ਦੇ ਦਿੱਤੀ।
ਉਸਨੇ ਅੱਗੇ ਦੋਸ਼ ਲਾਇਆ ਕਿ ਬਾਅਦ ਵਿੱਚ ਇੰਸਪੈਕਟਰ ਜਤਿੰਦਰ ਕੁਮਾਰ ਨੇ ਹਰਸ਼ਦੀਪ ਦਾ ਡੇਢ ਲੱਖ ਰੁਪਏ ਦਾ ਮੋਬਾਈਲ ਫੋਨ, ਸੋਨੇ ਦੀ ਮੁੰਦਰੀ ਅਤੇ ਸੋਨੇ ਦੇ ਕੰਨਾਂ ਦੇ ਸਟੱਡਾਂ ਨੂੰ ਕੇਸ ਦੇ ਸਬੂਤਾਂ ਵਿੱਚੋਂ ਕੱਢਣ ਬਦਲੇ ਹੋਰ 50,000 ਰੁਪਏ ਦੀ ਮੰਗ ਕੀਤੀ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਰਕਮ ਅਦਾ ਕੀਤੀ ਅਤੇ ਸਾਮਾਨ ਉਸ ਨੂੰ ਵਾਪਸ ਕਰ ਦਿੱਤਾ ਗਿਆ।
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਇੰਸਪੈਕਟਰ ਨੇ ਉਸ ਨਾਲ ਵਾਰ-ਵਾਰ ਸੰਪਰਕ ਕੀਤਾ ਅਤੇ ਉਸ ਨੂੰ ਤਾਰਾ ਨਰਸਰੀ ਤੋਂ ਖਰੀਦੇ ਪੌਦਿਆਂ ਅਤੇ ਗਮਲਿਆਂ ਦੇ ਕੁੱਲ 35,000-40,000 ਰੁਪਏ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਕਿਹਾ ਅਤੇ ਸ਼ਿਕਾਇਤਕਰਤਾ ਨੇ ਰਕਮ ਅਦਾ ਕਰ ਦਿੱਤੀ। ਇਸ ਤੋਂ ਇਲਾਵਾ, ਇੰਸਪੈਕਟਰ ਨੇ ਅਦਾਲਤ ਵਿੱਚ ਉਸਦੇ ਪੁੱਤਰ ਦੇ ਪੱਖ ਵਿੱਚ ਚਲਾਨ ਦਾਇਰ ਕਰਨ ਅਤੇ ਮੁਕੱਦਮੇ ਤੇ ਸਬੂਤਾਂ ਵਿੱਚ ਉਸ ਦਾ ਸਮਰਥਨ ਕਰਨ ਬਦਲੇ ਸ਼ਿਕਾਇਤਕਰਤਾ ਕੋਲੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ। ਇਹ ਸੌਦਾ 50,000 ਰੁਪਏ ਵਿੱਚ ਤੈਅ ਹੋ ਗਿਆ। ਸ਼ਿਕਾਇਤਕਰਤਾ ਨੇ ਇਸ ਨੂੰ ਰਿਕਾਰਡ ਕਰ ਲਿਆ ਅਤੇ ਬਿਊਰੋ ਕੋਲ ਸਬੂਤ ਵਜੋਂ ਪੇਸ਼ ਕੀਤਾ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾ ਕੇ ਇੰਸਪੈਕਟਰ ਜਤਿੰਦਰ ਕੁਮਾਰ ਅਤੇ ਉਸ ਦੇ ਸਾਥੀ ਜਸਕਰਨ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 50,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਜਲੰਧਰ ਰੇਂਜ ਥਾਣੇ ਵਿੱਚ ਮੁਕਦਮਾ ਦਰਜ ਕਰਕੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।