ਹਰਿਆਣਾ ਦੇ ਨਤੀਜੇ ਸੂਬੇ ਦੇ ਮਾਹੌਲ ਤੋਂ ਉਲਟ, ਅਸੀਂ ਹੈਰਾਨ : ਭੁਪਿੰਦਰ ਹੁੱਡਾ
ਚੰਡੀਗੜ੍ਹ, 9 ਅਕਤੂਬਰ,ਬੋਲੇ ਪੰਜਾਬ ਬਿਊਰੋ :
ਕਾਂਗਰਸ ਦੇ ਸੀਨੀਅਰ ਆਗੂ ਭੁਪਿੰਦਰ ਹੁੱਡਾ ਨੇ ਕਿਹਾ ਕਿ ਹਰਿਆਣਾ ਦੇ ਨਤੀਜੇ ਸੂਬੇ ਦੇ ਮਾਹੌਲ ਦੇ ਉਲਟ ਹਨ। ਹੁੱਡਾ ਨੇ ਇਹ ਵੀ ਕਿਹਾ ਕਿ ਨਤੀਜੇ ਪਾਰਟੀ ਲਈ ਹੈਰਾਨੀਜਨਕ ਹਨ। ਚੋਣ ਕਮਿਸ਼ਨ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ 48 ਸੀਟਾਂ ਜਿੱਤੀਆਂ ਹਨ, ਜਦਕਿ ਕਾਂਗਰਸ ਨੇ 37 ਸੀਟਾਂ ਜਿੱਤੀਆਂ ਹਨ।
ਲੋਕ ਸਭਾ ਚੋਣਾਂ ’ਚ ਮਿਲੇ ਝਟਕੇ ’ਤੇ ਕਾਬੂ ਪਾਉਂਦਿਆਂ ਭਾਜਪਾ ਲਗਾਤਾਰ ਤੀਜੀ ਵਾਰ ਹਰਿਆਣਾ ’ਚ ਸਰਕਾਰ ਬਣਾਉਣ ਜਾ ਰਹੀ ਹੈ। 2024 ਦੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਸੂਬੇ ’ਚ 5 ਸੀਟਾਂ ਮਿਲੀਆਂ ਸਨ, ਜੋ 2019 ’ਚ ਮਿਲੀਆਂ 10 ਸੀਟਾਂ ਦਾ ਅੱਧਾ ਸੀ।
ਹੁੱਡਾ ਨੇ ਨਤੀਜਿਆਂ ਬਾਰੇ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਨਤੀਜਿਆਂ ਨੇ ਸਾਨੂੰ ਹੈਰਾਨ ਕਰ ਦਿਤਾ ਹੈ ਅਤੇ ਭਾਜਪਾ ਵੀ ਹੈਰਾਨ ਹੋਵੇਗੀ। ਇਹ ਨਤੀਜੇ ਸੂਬੇ ਦੇ ਮਾਹੌਲ ਦੇ ਉਲਟ ਹਨ। ਇਸ ’ਚ ਤੰਤਰ ਦੀ ਕੀ ਭੂਮਿਕਾ ਹੈ, ਅਸੀਂ ਇਸ ਦੀ ਜਾਂਚ ਕਰਾਂਗੇ। ਅਸੀਂ ਬਹੁਤ ਸਾਰੀਆਂ ਸੀਟਾਂ ਛੋਟੇ ਫਰਕ ਨਾਲ ਗੁਆ ਦਿਤੀਆਂ।
ਹੁੱਡਾ ਨੇ ਕਿਹਾ ਕਿ ਸਾਨੂੰ ਕਈ ਥਾਵਾਂ ਤੋਂ ਸ਼ਿਕਾਇਤਾਂ ਵੀ ਮਿਲੀਆਂ ਹਨ। ਜਿਸ ਤਰੀਕੇ ਨਾਲ ਦੇਰੀ ਹੋਈ। ਇਸ ਦੌਰਾਨ ਕਾਂਗਰਸ ਚੋਣ ਕਮਿਸ਼ਨ ਨਾਲ ਮੁਲਾਕਾਤ ਕਰੇਗੀ। ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਇਹ (ਨਤੀਜੇ) ‘ਹੈਰਾਨੀਜਨਕ’ ਹਨ।ਕਾਂਗਰਸ ਪਾਰਟੀ ’ਚ ਕਿਸੇ ਵੀ ਤਰ੍ਹਾਂ ਦੀ ਧੜੇਬੰਦੀ ਨੂੰ ਖਾਰਜ ਕਰਦੇ ਹੋਏ ਹੁੱਡਾ ਨੇ ਕਿਹਾ ਕਿ ਕਾਂਗਰਸ ਚੋਣਾਂ ’ਚ ਇਕਜੁੱਟ ਸੀ।