ਅਧਿਆਪਕ ਮੰਗਾਂ ਤੋਂ ਮੁਨਕਰ ਹੋਈ ਬਦਲਾਅ ਵਾਲੀ ਪੰਜਾਬ ਸਰਕਾਰ- ਡੀ.ਟੀ.ਐੱਫ. ਪੰਜਾਬ

ਚੰਡੀਗੜ੍ਹ ਪੰਜਾਬ

ਦਸਹਿਰੇ ਮੌਕੇ ਗੰਭੀਰਪੁਰ ਵਿਖੇ ਫੂਕਿਆ ਜਾਵੇਗਾ ਸਰਕਾਰ ਦਾ ਤਿੰਨ ਮੂੰਹਾਂ ਆਦਮ-ਕੱਦ ਪੁਤਲਾ

,, ਰੋਪੜ 4 ਅਕਤੂਬਰ ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ):


ਸਿੱਖਿਆ ਵਿਚ ਕ੍ਰਾਂਤੀ ਲੈ ਕੇ ਆਉਣ ਦੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ ਵੱਲੋਂ ਦਹਾਕਿਆਂ ਤੋਂ ਸਿੱਖਿਆ ਵਿਭਾਗ ਵਿੱਚ ਕੰਮ ਕਰ ਰਹੇ ਬੇਇਨਸਾਫੀ ਅਤੇ ਪੱਖਪਾਤ ਦਾ ਸ਼ਿਕਾਰ ਅਧਿਆਪਕਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਸਰਕਾਰ ਦੀ ਇਸ ਬੇਇਨਸਾਫ਼ੀ ਖਿਲਾਫ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਸੰਘਰਸ਼ ਨੂੰ ਤਿੱਖਾ ਕਰਨ ਜਾ ਰਹੀ ਹੈ। ਇਸ ਬਾਰੇ ਵਿਸਤ੍ਰਿਤ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਅਧਿਆਪਕ ਨਰਿੰਦਰ ਭੰਡਾਰੀ (ਸਾਇੰਸ ਅਧਿਆਪਕ) ਸਰਵ ਸਿੱਖਿਆ ਅਭਿਆਨ ਦੀ ਭਰਤੀ ਅਧੀਨ 2011 ਤੋਂ ਕਪੂਰਥਲਾ ਜਿਲ੍ਹੇ ਵਿੱਚ ਕੰਮ ਕਰ ਰਿਹਾ ਹੈ, ਜੋ ਲਗਪਗ ਪੰਜ ਸਾਲ ਪਹਿਲਾਂ ਸਿੱਖਿਆ ਵਿਭਾਗ ਅੰਦਰ ਅਪਣਾ ਪ੍ਰੋਬੇਸ਼ਨ ਦਾ ਸਮਾਂ ਪੂਰਾ ਕਰ ਚੁੱਕਿਆ ਹੈ ਪ੍ਰੰਤੂ ਅੱਜ ਵੀਂ ਉਸ ਨੂੰ ਬੇਸਿਕ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਹੈ।
ਦੂਸਰਾ ਮਾਮਲਾ ਫਾਜ਼ਿਲਕਾ ਜਿਲ੍ਹੇ ਦੇ ਰਹਿਣ ਵਾਲੇ ਅਤੇ 2013 ਤੋਂ ਪਟਿਆਲਾ ਵਿਖੇ ਹਿੰਦੀ ਮਾਸਟਰ ਵਜੋਂ ਕੰਮ ਕਰ ਰਹੇ ਅਧਿਆਪਕ ਰਵਿੰਦਰ ਕੰਬੋਜ ਜੋ ਉੱਚ ਯੋਗਤਾ ਰੱਖਣ, ਪੰਜਾਬ ਦਾ ਪਹਿਲਾ ਅਧਿਆਪਕ ਯੋਗਤਾ ਟੈਸਟ ਪਾਸ ਕਰਕੇ ਅਧਿਆਪਕ ਲੱਗਣ ਅਤੇ ਅਧਿਆਪਕ ਭਰਤੀ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਰੈਗੂਲਰ ਆਰਡਰ ਜਾਰੀ ਨਾ ਕੀਤੇ ਜਾਣ ਕਰਕੇ ਬੇਸਿਕ ਤਨਖਾਹ ਤੇ ਕੰਮ ਕਰਨ ਲਈ ਮਜਬੂਰ ਕੀਤਾ ਹੋਇਆ ਹੈ।
ਇਸੇ ਤਰਾਂ ਹੀ ਜ਼ਿਲ੍ਹਾ ਫਾਜ਼ਿਲਕਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿੱਚ ਕੰਮ ਕਰਦੇ ਪੰਜਾਬੀ ਲੈਕਚਰਾਰ ਮੁਖਤਿਆਰ ਸਿੰਘ ਨੂੰ ਸਿਆਸੀ ਸਹਿ ‘ਤੇ ਇਕ ਅਧਿਆਪਕ ਵੱਲੋਂ ਦੋਸ਼ ਲਗਾ ਕੇ ਕੀਤੀ ਗਈ ਸ਼ਿਕਾਇਤ ਨੂੰ ਆਧਾਰ ਬਣਾ ਕੇ ਤਰਨਤਾਰਨ ਵਿਖੇ ਬਦਲੇ ਜਾਣ ਦਾ ਸ਼ਿਕਾਰ ਬਣਾਇਆ ਗਿਆ ਹੈ। ਪੜਤਾਲ ਦੌਰਾਨ ਅਧਿਆਪਕ ਨੂੰ ਸਿੱਖਿਆ ਸਕੱਤਰ ਵੱਲੋਂ ਦੋਸ਼ ਮੁਕਤ ਪਾਏ ਜਾਣ ਤੋਂ ਦੋ ਮਹੀਨੇ ਬੀਤ ਜਾਣ ਦੇ ਬਾਅਦ ਵੀ ਸ਼ਿਕਾਇਤੀ ਬਦਲੀ ਰੱਦ ਨਹੀਂ ਕੀਤੀ ਗਈ ਹੈ ਜਿਸ ਕਾਰਣ ਅਧਿਆਪਕ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸੇ ਤਰ੍ਹਾਂ ਓ.ਡੀ.ਐਲ. ਅਧੀਨ ਪੈਂਡਿੰਗ ਆਰਡਰ ਅਤੇ 7654 ਦੇ ਰਹਿੰਦੇ 14 ਹਿੰਦੀ ਵਿਸ਼ੇ ਦੇ ਅਧਿਆਪਕਾਂ ਦੇ ਰੈਗੂਲਰ ਦੇ ਆਰਡਰ ਜਾਰੀ ਨਹੀਂ ਕੀਤੇ ਜਾ ਰਹੇ ਹਨ।
ਡੀ.ਟੀ.ਐੱਫ. ਪੰਜਾਬ ਦੇ ਆਗੂਆਂ ਨੇ ਕਿਹਾ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ ਸਿੱਖਿਆ ਮੰਤਰੀ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਜਾ ਚੁੱਕੀਆਂ ਹਨ। ਹਰ ਵਾਰ ਇਹਨਾਂ ਮੀਟਿੰਗਾਂ ਵਿੱਚ ਮਸਲੇ ਦਾ ਹੱਲ ਕਰਨ ਲਈ ਹਾਮੀ ਭਰੀ ਜਾਂਦੀ ਹੈ ਲੇਕਿਨ ਅੱਜ ਤੱਕ ਕੋਈ ਵੀ ਠੋਸ ਕਦਮ ਨਹੀਂ ਚੁੱਕਿਆ ਗਿਆ ਹੈ। ਸਿੱਖਿਆ ਮੰਤਰੀ ਦੇ ਲਗਾਤਾਰ ਲਾਰਿਆਂ ਤੋਂ ਤੰਗ ਆ ਕੇ 12 ਅਕਤੂਬਰ ਨੂੰ ਦੁਸ਼ਹਿਰੇ ਵਾਲੇ ਦਿਨ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿਖੇ ਇੱਕ ਵੱਡ ਅਕਾਰੀ ਤਿੰਨ ਮੂੰਹਾਂ ਪੁਤਲਾ ਫੂਕਿਆ ਜਾਵੇਗਾ ਅਤੇ ਪੀੜਿਤ ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਨੂੰ ਤਿੱਖਾ ਕੀਤਾ ਜਾਵੇਗਾ।

Leave a Reply

Your email address will not be published. Required fields are marked *