ਅਗਰਸੈਨ ਜਯੰਤੀ ਦੀ ਗਜ਼ਟਿਡ ਛੁੱਟੀ ਵਾਲ਼ੇ ਦਿਨ ਚੋਣ ਰਿਹਰਸਲ ਰੱਖਣਾ ਡਿਪਟੀ ਕਮਿਸ਼ਨਰ ਦਾ ਤਾਨਾਸ਼ਾਹੀ ਫੁਰਮਾਨ
ਸ਼੍ਰੀ ਮੁਕਤਸਰ ਸਾਹਿਬ, 2 ਅਕਤੂਬਰ ,ਬੋਲੇ ਪੰਜਾਬ ਬਿਊਰੋ :
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ, ਸੂਬਾ ਕਮੇਟੀ ਮੈਂਬਰ ਪ੍ਰਮਾਤਮਾ ਸਿੰਘ ਅਤੇ ਜ਼ਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਗੋਨੇਆਣਾ ਨੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅਗਰਸੈਨ ਜੈਯੰਤੀ ਮੌਕੇ ਅਧਿਆਪਕਾਂ ਅਤੇ ਹੋਰ ਮੁਲਾਜ਼ਮਾਂ ਦੀ ਚੋਣ ਰਹਿਰਸਲ ਰੱਖ ਕੇ ਚੋਣ ਡਿਊਟੀ ਤੇ ਸੱਦਣ ‘ਤੇ ਸਖ਼ਤ ਇਤਰਾਜ਼ ਜ਼ਾਹਰ ਕਰਦਿਆਂ ਕਿਹਾ ਕਿ ਗਜ਼ਟਿਡ ਛੁੱਟੀ ਵਾਲੇ ਦਿਨ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਧਾਰਮਿਕ ਆਗੂ ਦੀ ਜੈਅੰਤੀ ਮੌਕੇ ਸਮਾਗਮਾਂ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਜਾ ਰਿਹਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਜਦਕਿ ਪੰਜਾਬ ਦੇ ਹੋਰ ਜ਼ਿਲ੍ਹਿਆਂ ਵਿੱਚ ਡਿਪਟੀ ਕਮਿਸ਼ਨਰਾਂ ਵੱਲੋਂ ਗਜ਼ਟਿਡ ਛੁੱਟੀ ਅਤੇ ਅਗਰਸੈਨ ਭਾਈਚਾਰੇ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਰਹਿਰਸਲ ਹੋਰ ਦਿਨ ਰੱਖੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਪੰਚਾਇਤੀ ਚੋਣਾਂ ਦੀ ਮਿਤੀ 15 ਅਕਤੂਬਰ ਨਿਸ਼ਚਿਤ ਕੀਤੀ ਗਈ ਹੈ। ਪੂਰੇ ਪੰਜਾਬ ਦਾ ਪ੍ਰਸ਼ਾਸਨ ਇਸ ਸਬੰਧੀ ਤਿਆਰੀਆਂ ਵਿੱਚ ਲੱਗਿਆ ਹੋਇਆ ਹੈ ਅਤੇ ਚੋਣਾਂ ਕਰਵਾਉਣ ਲਈ ਚੋਣ ਅਮਲੇ ਦੀਆਂ ਤਿਆਰੀਆਂ ਕਰਵਾਉਣ ਰਿਹਰਸਲਾਂ ਸਬੰਧੀ ਸੂਚੀਆਂ ਜਾਰੀ ਹੋ ਰਹੀਆਂ ਹਨ।
ਚੋਣਾਂ ਵਿੱਚ ਡਿਊਟੀ ਨਿਭਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਜਿਲ੍ਹਾ ਪੱਧਰ ਤੇ ਸਾਰੇ ਜਿਲ੍ਹਿਆਂ ਵਿੱਚ ਚੋਣ ਅਧਿਕਾਰੀਆਂ ਨੂੰ ਮੰਗ ਰੱਖੀ ਗਈ ਹੈ ਅਤੇ ਰਿਹਰਸਲਾਂ ਸਰਕਾਰੀ ਛੁੱਟੀ ਜਾਂ ਗਜ਼ਟਿਡ ਛੁੱਟੀ ਵਾਲ਼ੇ ਦਿਨ ਨਾ ਰੱਖੀਆਂ ਜਾਣ। ਪਹਿਲੀ ਅਕਤੂਬਰ ਨੂੰ ਮੁਲਾਜ਼ਮ ਜਥੇਬੰਦੀਆਂ ਦੇ ਸਾਂਝੇ ਵਫ਼ਦ ਵੱਲੋਂ ਮੁੱਖ ਚੋਣ ਕਮਿਸ਼ਨਰ ਪੰਜਾਬ ਨੂੰ ਮਿਲ ਕੇ ਵੀ ਇਹ ਮੰਗ ਕੀਤੀ ਹੈ ਜਿਸ ਦਾ ਚੋਣ ਕਮਿਸ਼ਨ ਨੇ ਹਾਂ ਪੱਖੀ ਹੁੰਗਾਰਾ ਦਿੱਤਾ ਹੈ।
ਪ੍ਰੰਤੂ ਕੱਲ੍ਹ ਡੀਸੀ ਮੁਕਤਸਰ ਵੱਲੋਂ ਇੱਕ ਪੱਤਰ ਜਾਰੀ ਕਰਕੇ ਚੋਣ ਅਮਲੇ ਦੀ ਪਹਿਲੀ ਰਿਹਰਸਲ ਦੀ ਮਿਤੀ 3 ਅਕਤੂਬਰ ਦੀ ਰੱਖ ਦਿੱਤੀ ਗਈ ਜਿਸ ਦਿਨ ਕਿ ਮਹਾਰਾਜਾ ਅਗਰਸੈਨ ਜਯੰਤੀ ਦੇ ਸਬੰਧ ਵਿੱਚ ਗਜ਼ਟਿਡ ਛੁੱਟੀ ਹੈ। ਚੋਣ ਡਿਊਟੀ ਨਾਲ ਸਬੰਧਤ ਪੱਤਰ ਦੇ ਜਾਰੀ ਹੋਣ ‘ਤੇ ਅਗਰਸੈਨ ਭਾਈਚਾਰੇ ਵਿੱਚ ਰੋਸ ਪਾਇਆ ਜਾ ਰਿਹਾ ਅਤੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਵੱਲੋਂ ਵੀ ਵਿਰੋਧ ਦਰਜ ਕਰਵਾਇਆ ਜਾ ਰਿਹਾ ਹੈ।
ਇਸ ਸਬੰਧੀ ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂਆਂ ਮਨਦੀਪ ਸਿੰਘ, ਰਵੀ ਕੁਮਾਰ, ਜਸਵੰਤ ਅਹੂਜਾ, ਕੰਵਲਜੀਤ ਪਾਲ, ਬਲਵੰਤ ਸਿੰਘ, ਮਨਿੰਦਰ ਸਿੰਘ, ਨਰਿੰਦਰਪ੍ਰੀਤ ਸਿੰਘ, ਬਲਕਰਨ ਸਿੰਘ ਮੰਗ ਕੀਤੀ ਹੈ ਕਿ ਚੋਣ ਰਿਹਰਸਲ ਦਾ ਸ਼ਡਿਊਲ ਬਦਲਿਆ ਕੀਤਾ ਜਾਵੇ ਅਤੇ 3 ਅਕਤੂਬਰ ਦੀ ਰਿਹਰਸਲ ਨੂੰ ਕਿਸੇ ਹੋਰ ਦਿਨ ਰੱਖਿਆ ਜਾਵੇ।