ਸੀਬੀਆਈ ਵੱਲੋਂ ਸੰਗਠਿਤ ਸਾਈਬਰ ਅਪਰਾਧ ਦੇ ਖਿਲਾਫ ਵੱਡੀ ਕਾਰਵਾਈ, 26 ਗ੍ਰਿਫਤਾਰ
ਨਵੀਂ ਦਿੱਲੀ, 30 ਸਤੰਬਰ ,ਬੋਲੇ ਪੰਜਾਬ ਬਿਊਰੋ :
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸੰਗਠਿਤ ਸਾਈਬਰ ਅਪਰਾਧ ਨਾਲ ਜੁੜੇ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਮੁਤਾਬਕ ਚਾਰ ਦਿਨ ਪਹਿਲਾਂ ਵੀਰਵਾਰ ਨੂੰ ਪੁਣੇ, ਹੈਦਰਾਬਾਦ, ਅਹਿਮਦਾਬਾਦ ਅਤੇ ਵਿਸ਼ਾਖਾਪਟਨਮ ਦੀਆਂ 32 ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਦੌਰਾਨ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੀਬੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਤਲਾਸ਼ੀ ਦੌਰਾਨ ਅਹਿਮ ਡਿਜੀਟਲ ਸਬੂਤ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਹੋਈ ਹੈ। ਸੰਗਠਿਤ ਸਾਈਬਰ ਕ੍ਰਾਈਮ ਨੈੱਟਵਰਕ ‘ਤੇ ਮਿਲੇ ਇਨਪੁਟਸ ਦੇ ਆਧਾਰ ‘ਤੇ ਇੰਟਰਨੈਸ਼ਨਲ ਆਪ੍ਰੇਸ਼ਨ ਡਿਵੀਜ਼ਨ ਨੇ ਸੂਚਨਾ ਤਕਨਾਲੋਜੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ।
ਸੀਬੀਆਈ ਅਨੁਸਾਰ ਤਲਾਸ਼ੀ ਦੌਰਾਨ ਟੀਮ ਨੇ ਚਾਰ ਕਾਲ ਸੈਂਟਰਾਂ ਵੀ.ਸੀ. ਇਨਫਰੋਮੈਟ੍ਰਿਕਸ ਪ੍ਰਾਈਵੇਟ ਲਿਮਿਟੇਡ, ਰੀਜੈਂਟ ਪਲਾਜ਼ਾ, ਪੁਣੇ; ਵੀ.ਸੀ. ਇਨਫਰੋਮੈਟ੍ਰਿਕਸ ਪ੍ਰਾਈਵੇਟ ਲਿਮਿਟੇਡ, ਮੁਰਲੀ ਨਗਰ, ਵਿਸ਼ਾਖਾਪਟਨਮ; ਵਿਆਜ਼ੈਕਸ ਸੋਲਿਊਸ਼ਨ, ਹੈਦਰਾਬਾਦ; ਅਤ੍ਰੀਆ ਗਲੋਬਲ ਸਰਵਿਸਿਜ਼ ਪ੍ਰਾਈਵੇਟ ਲਿਮਟਿਡ, ਵਿਸ਼ਾਖਾਪਟਨਮ ਨੇ ਚੱਲ ਰਹੀਆਂ ਔਨਲਾਈਨ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ 170 ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। ਇਨ੍ਹਾਂ ਵਿੱਚੋਂ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਗੈਰ-ਕਾਨੂੰਨੀ ਕਾਲ ਸੈਂਟਰਾਂ ਵਿਚ ਹੋਰ ਕਰਮਚਾਰੀਆਂ ਦੀ ਭੂਮਿਕਾ ਦੀ ਜਾਂਚ ਅਤੇ ਪੁੱਛਗਿੱਛ ਜਾਰੀ ਹੈ।
ਸੀਬੀਆਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਾਈਬਰ ਕ੍ਰਾਈਮ ਨੈੱਟਵਰਕ ਵੱਲੋਂ ਅਪਰਾਧਿਕ ਗਤੀਵਿਧੀਆਂ ਅਤੇ ਪੀੜਤਾਂ ਨੂੰ ਠੱਗਣ ਲਈ ਵਰਤੀਆਂ ਜਾਂਦੀਆਂ ਇਲੈਕਟ੍ਰਾਨਿਕ ਡਿਵਾਈਸਾਂ, ਮੋਬਾਈਲ ਫੋਨ, ਲੈਪਟਾਪ, ਵਿੱਤੀ ਜਾਣਕਾਰੀ, ਸੰਚਾਰ ਰਿਕਾਰਡ ਅਤੇ ਅਪਰਾਧਕ ਸਮੱਗਰੀ ਸਮੇਤ 951 ਵਸਤੂਆਂ ਨੂੰ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ 58.45 ਲੱਖ ਰੁਪਏ ਦੀ ਨਕਦੀ, ਲਾਕਰ ਦੀਆਂ ਚਾਬੀਆਂ ਅਤੇ ਤਿੰਨ ਲਗਜ਼ਰੀ ਵਾਹਨ ਬਰਾਮਦ ਕੀਤੇ ਗਏ ਹਨ।