ਮੱਧ ਪ੍ਰਦੇਸ਼ ਦੇ ਮੈਹਰ ‘ਚ ਹਾਈਵਾ ਨਾਲ ਟਕਰਾਈ ਬੇਕਾਬੂ ਬੱਸ, 9 ਲੋਕਾਂ ਦੀ ਮੌਤ, 24 ਜ਼ਖਮੀ

ਚੰਡੀਗੜ੍ਹ ਨੈਸ਼ਨਲ ਪੰਜਾਬ

ਮੱਧ ਪ੍ਰਦੇਸ਼ ਦੇ ਮੈਹਰ ‘ਚ ਹਾਈਵਾ ਨਾਲ ਟਕਰਾਈ ਬੇਕਾਬੂ ਬੱਸ, 9 ਲੋਕਾਂ ਦੀ ਮੌਤ, 24 ਜ਼ਖਮੀ

ਸਤਨਾ, 29 ਸਤੰਬਰ ,ਬੋਲੇ ਪੰਜਾਬ ਬਿਊਰੋ :

ਮੱਧ ਪ੍ਰਦੇਸ਼ ਦੇ ਮੈਹਰ ਜ਼ਿਲ੍ਹੇ ਵਿੱਚ ਸ਼ਨੀਵਾਰ ਅੱਧੀ ਰਾਤ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਨਾਦਨ ਦੇਹਾਤ ਥਾਣਾ ਖੇਤਰ ‘ਚ ਨੈਸ਼ਨਲ ਹਾਈਵੇ ਨੰਬਰ 30 ‘ਤੇ ਤੇਜ਼ ਰਫਤਾਰ ਬੱਸ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ (ਹਾਈਵਾ ਵਾਹਨ) ਨਾਲ ਟਕਰਾ ਗਈ। ਇਸ ਹਾਦਸੇ ‘ਚ ਬੱਸ ‘ਚ ਸਵਾਰ 9 ਲੋਕਾਂ ਦੀ ਮੌਤ ਹੋ ਗਈ, ਜਦਕਿ 24 ਯਾਤਰੀ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਜਾਣਕਾਰੀ ਮੁਤਾਬਕ ਆਭਾ ਟਰੈਵਲਜ਼ ਦੀ ਸਲੀਪਰ ਕੋਚ ਬੱਸ ਪ੍ਰਯਾਗਰਾਜ ਤੋਂ ਰੀਵਾ ਦੇ ਰਸਤੇ ਨਾਗਪੁਰ ਜਾ ਰਹੀ ਸੀ। ਰਾਤ ਕਰੀਬ 11 ਵਜੇ ਨਾਦਨ ਥਾਣੇ ਤੋਂ ਕੁਝ ਦੂਰੀ ’ਤੇ ਸਥਿਤ ਚੌਰਸੀਆ ਢਾਬੇ ਨੇੜੇ ਬੱਸ ਤੇਜ਼ ਰਫ਼ਤਾਰ ਹੋਣ ਕਾਰਨ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਹਾਈਵਾ ਵਿੱਚ ਜਾ ਵੜੀ। ਹਾਦਸੇ ਦੇ ਸਮੇਂ ਬੱਸ ਵਿੱਚ 45 ਯਾਤਰੀ ਸਵਾਰ ਸਨ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬੱਸ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਅਤੇ ਯਾਤਰੀ ਬੱਸ ਅੰਦਰ ਬੁਰੀ ਤਰ੍ਹਾਂ ਫਸ ਗਏ।

ਸੂਚਨਾ ਮਿਲਦੇ ਹੀ ਨਾਦਨ ਅਤੇ ਮੈਹਰ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਬਚਾਅ ਲਈ ਜੇਸੀਬੀ ਦੀ ਮਦਦ ਲੈਣੀ ਪਈ। ਬੱਸ ਦਾ ਦਰਵਾਜ਼ਾ ਗੈਸ ਕਟਰ ਨਾਲ ਕੱਟ ਕੇ ਫਸੇ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ। ਰਾਤ ਕਰੀਬ 2 ਵਜੇ ਬਚਾਅ ਕਾਰਜ ਪੂਰਾ ਕੀਤਾ ਗਿਆ। ਮੈਹਰ ਦੇ ਐਸਡੀਐਮ ਵਿਕਾਸ ਸਿੰਘ, ਤਹਿਸੀਲਦਾਰ ਜਤਿੰਦਰ ਪਟੇਲ ਅਤੇ ਮੈਹਰ ਦੇ ਐਸਪੀ ਸੁਧੀਰ ਕੁਮਾਰ ਅਗਰਵਾਲ ਮੌਜੂਦ ਸਨ।

ਮੈਹਰ ਦੇ ਸੀਐਸਪੀ ਰਾਜੀਵ ਪਾਠਕ ਨੇ ਦੱਸਿਆ ਕਿ ਇਹ ਹਾਦਸਾ ਸ਼ਨੀਵਾਰ ਰਾਤ ਕਰੀਬ 11 ਵਜੇ ਵਾਪਰਿਆ। 53 ਸੀਟਰ ਬੱਸ ਵਿੱਚ 45 ਯਾਤਰੀ ਸਵਾਰ ਸਨ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 24 ਯਾਤਰੀ ਜ਼ਖਮੀ ਹਨ। ਜ਼ਖ਼ਮੀਆਂ ਵਿੱਚੋਂ 9 ਨੂੰ ਅਮਰਪਾਟਨ, 7 ਨੂੰ ਮੈਹਰ ਸਿਵਲ ਹਸਪਤਾਲ ਅਤੇ 8 ਨੂੰ ਸਤਨਾ ਜ਼ਿਲ੍ਹਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲਿਆਂ ਵਿਚ ਚਾਰ ਲੋਕਾਂ ਦੀ ਪਛਾਣ ਹੋ ਸਕੀ ਹੈ। ਇਨ੍ਹਾਂ ਵਿੱਚ ਲੱਲੂ ਯਾਦਵ (60) ਪੁੱਤਰ ਰਾਮ ਅਵਤਾਰ ਯਾਦਵ ਵਾਸੀ ਪ੍ਰਤਾਪਗੜ੍ਹ, ਉੱਤਰ ਪ੍ਰਦੇਸ਼, ਰਾਜੂ ਉਰਫ਼ ਪ੍ਰਾਂਜਲ (18) ਪੁੱਤਰ ਜਤਿੰਦਰ ਵਾਸੀ ਜੌਨਪੁਰ, ਉੱਤਰ ਪ੍ਰਦੇਸ਼, ਅੰਬਿਕਾ ਪ੍ਰਸਾਦ (55) ਪੁੱਤਰ ਮੋਤੀ ਲਾਲ, ਜੌਨਪੁਰ, ਉੱਤਰ ਪ੍ਰਦੇਸ਼ ਅਤੇ ਗਣੇਸ਼ ਸਾਹੂ (2 ਸਾਲ) ਪੁੱਤਰ ਅਜੈ ਕੁਮਾਰ ਸਾਹੂੂ ਵਾਸੀ ਨਾਗਪੁਰ, ਮਹਾਰਾਸ਼ਟਰ ਸ਼ਾਮਲ ਹਨ। ਪੰਜ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਸਕੀ ਹੈ।

Leave a Reply

Your email address will not be published. Required fields are marked *