ਪੰਜਾਬ ‘ਚ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ 1300 ਡਾਕਟਰਾਂ ਦੀਆਂ ਅਸਾਮੀਆਂ
ਚੰਡੀਗੜ੍ਹ, 9 ਮਾਰਚ, ਬੋਲੇ ਪੰਜਾਬ ਬਿਓਰੋ :
ਪੰਜਾਬ ਮੰਤਰੀ ਮੰਡਲ ਦੀ ਅਹਿਮ ਮੀਟਿੰਗ ਅੱਜ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਕਈ ਅਹਿਮ ਫੈਸਲੇ ਕੀਤੇ ਗਏ। ਮੰਤਰੀ ਮੰਡਲ ਦੀ ਮੀਟੰਗ ਵਿੱਚ ਪੌਕਸੋ ਮਾਮਲਿਆਂ ਸਬੰਧੀ ਪੰਜਾਬ ਵਿੱਚ ਫਾਸਟ ਟ੍ਰੈਕ ਕੋਰਟ ਬਣਾਉਣ ਸਬੰਧੀ ਫੈਸਲਾ ਕੀਤਾ ਗਿਆ। ਜਿਨ੍ਹਾਂ ਜ਼ਿਲ੍ਹਿਆਂ ਵਿੱਚ 100 ਤੋਂ ਜ਼ਿਆਦਾ ਮਾਮਲੇ ਹਨ ਉਨ੍ਹਾਂ ਜ਼ਿਲ੍ਹਿਆਂ ਵਿੱਚ ਫਾਸਟ ਟ੍ਰੈਕ ਕੋਰਟ ਬਣਾਈ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਮੰਤਰੀ ਮੰਡਲ ਦੇ ਫੈਸਲਿਆਂ ਸਬੰਧੀ ਜਾਣਕਾਰੀ ਦਿੱਤੀ। ਵਿੱਤ ਮੰਤਰੀ ਨੇ ਦੱਸਿਆ ਕਿ ਦੋ ਸਪੈਸ਼ਲ ਅਦਾਲਤਾਂ ਦਾ ਗਠਨ ਕੀਤਾ ਗਿਆ ਹੈ। ਇਹ ਅਦਾਲਤਾਂ ਤਰਨਤਾਰਨ ਅਤੇ ਸੰਗਰੂਰ ਵਿੱਚ ਹੋਣਗੀਆਂ। ਇਸ ਨਾਲ ਹੀ ਲਗਭਗ 20 ਹੋਰ ਅਸਾਮੀਆਂ ਜੋ ਉਨ੍ਹਾਂ ਅਦਾਲਤਾਂ ਵਿੱਚ ਅਫਸਰ ਸਾਹਿਬਾਨ ਹੋਣਗੇ ਦੀ ਰਚਨਾ ਕੀਤੀ ਗਈ ਹੈ। ਇਸ ਤੋਂ ਬਿਨਾਂ 3842 ਅਸਥਾਈ ਅਸਾਮੀਆਂ ਜਿਹੜੀਆਂ ਕਿ ਪੰਜਾਬ ਦੀਆਂ ਅਦਾਲਤਾਂ ਵਿੱਚ ਜੋ ਲਗਭਗ 20 ਸਾਲ ਤੋਂ ਅਸਥਾਈ ਤੌਰ ਉਤੇ ਸਨ, ਉਨ੍ਹਾਂ ਨੂੰ ਪਰਮਾਨੈਂਟ ਬਣਾਇਆ ਗਿਆ ਹੈ।
ਪੰਜਾਬ ਵਿੱਚ 1300 ਅਸਾਮੀਆਂ ਡਾਕਟਰਾਂ ਦੀਆਂ ਭਰੀਆਂ ਜਾਣਗੀਆਂ। ਇਸ ਸਬੰਧੀ ਅੱਜ ਕੈਬਨਿਟ ਵਿੱਚ ਫੈਸਲਾ ਲਿਆ ਗਿਆ ਹੈ। ਇਹ ਅਸਾਮੀਆਂ ਬਾਬਾ ਫਰੀਦ ਯੂਨੀਵਰਸਿਟੀ ਰਾਹੀਂ ਭਰੀਆਂ ਜਾਣਗੀਆਂ।