ਪੁਲਿਸ ਥਾਣੇ ‘ਚ ਧਮਾਕਾ, ਬੱਚੇ ਦੀ ਮੌਤ, 31 ਜ਼ਖਮੀ
ਇਸਲਾਮਾਬਾਦ, 27 ਸਤੰਬਰ,ਬੋਲੇ ਪੰਜਾਬ ਬਿਊਰੋ ;
ਪਾਕਿਸਤਾਨ ਦੇ ਸਭ ਤੋਂ ਅਸ਼ਾਂਤ ਸੂਬੇ ਖੈਬਰ ਪਖਤੂਨਖਵਾ ਦੇ ਸਵਾਬੀ ਪੁਲਿਸ ਸਟੇਸ਼ਨ ‘ਚ ਵੀਰਵਾਰ ਰਾਤ ਨੂੰ ਹੋਏ ਧਮਾਕੇ ‘ਚ ਇਕ ਬੱਚੇ ਦੀ ਮੌਤ ਹੋ ਗਈ ਅਤੇ 31 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ‘ਚ ਜ਼ਿਆਦਾਤਰ ਪੁਲਿਸ ਕਰਮਚਾਰੀ ਹਨ। ਸਵਾਬੀ ਥਾਣਾ ਪੇਸ਼ਾਵਰ ਤੋਂ ਕਰੀਬ 70 ਕਿਲੋਮੀਟਰ ਦੂਰ ਹੈ।
ਏਆਰਵਾਈ ਨਿਊਜ਼ ਦੀ ਖ਼ਬਰ ਚ ’ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਇਹ ਧਮਾਕਾ ਥਾਣੇ ਦੇ ਇੱਕ ਕਮਰੇ ਵਿੱਚ ਸ਼ਾਰਟ ਸਰਕਟ ਕਾਰਨ ਹੋਇਆ। ਇਸ ਕਮਰੇ ਵਿੱਚ ਹਥਿਆਰ ਅਤੇ ਰਿਕਾਰਡ ਰੱਖਿਆ ਗਿਆ ਸੀ। ਸਵਾਬੀ ਜ਼ਿਲ੍ਹਾ ਹਸਪਤਾਲ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇੱਕ ਬੱਚੇ ਨੂੰ ਮ੍ਰਿਤਕ ਲਿਆਂਦਾ ਗਿਆ। 26 ਜ਼ਖਮੀਆਂ ਨੂੰ ਇੱਥੇ ਦਾਖਲ ਕਰਵਾਇਆ ਗਿਆ। ਬਾਕੀ ਪੰਜ ਗੰਭੀਰ ਜ਼ਖ਼ਮੀਆਂ ਨੂੰ ਬਾਚਾ ਖ਼ਾਨ ਮੈਡੀਕਲ ਕੰਪਲੈਕਸ ਵਿਖੇ ਭੇਜ ਦਿੱਤਾ ਗਿਆ।
ਡਾਨ ਅਖਬਾਰ ਮੁਤਾਬਕ, ਇਹ ਧਮਾਕਾ ਸਵਾਬੀ ਜ਼ਿਲ੍ਹੇ ਦੇ ਸਿਟੀ ਪੁਲਿਸ ਸਟੇਸ਼ਨ ਦੀ ਦੂਜੀ ਮੰਜ਼ਿਲ ‘ਤੇ ਹੋਇਆ। ਧਮਾਕੇ ਨਾਲ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਇਹ ਅਣਗਹਿਲੀ ਦਾ ਮਾਮਲਾ ਹੈ। ਮਰਦਨ ਦੇ ਖੇਤਰੀ ਪੁਲਿਸ ਅਧਿਕਾਰੀ (ਆਰਪੀਓ) ਨਜੀਬੁਰ ਰਹਿਮਾਨ ਨੇ ਦੱਸਿਆ ਕਿ ਇਹ ਧਮਾਕਾ ਥਾਣੇ ਦੇ ਗੋਦਾਮ ਵਿੱਚ ਰੱਖੀ ਵਿਸਫੋਟਕ ਸਮੱਗਰੀ ਕਾਰਨ ਹੋਇਆ। ਬੰਬ ਨਿਰੋਧਕ ਕਰਮਚਾਰੀ ਘਟਨਾ ਦੀ ਜਾਂਚ ਕਰ ਰਹੇ ਹਨ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਨੇ ਸੂਬੇ ਦੇ ਪੁਲਿਸ ਹੈੱਡਕੁਆਰਟਰ ਤੋਂ ਧਮਾਕੇ ਦੀ ਰਿਪੋਰਟ ਤਲਬ ਕੀਤੀ ਹੈ।