ਚੰਡੀਗੜ੍ਹ, 9 ਮਾਰਚ, ਬੋਲੇ ਪੰਜਾਬ ਬਿਊਰੋ :
ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਅੱਜ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਚੰਡੀਗੜ੍ਹ ‘ਚ ਸੀਐੱਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਲ ਕੀਤਾ। ਉਹ ਲੋਕ ਸਭਾ ਚੋਣਾਂ ਵਿੱਚ ਫਤਿਹਗੜ੍ਹ ਤੋਂ ‘ਆਪ’ ਦੇ ਉਮੀਦਵਾਰ ਹੋ ਸਕਦੇ ਹਨ। ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਜੀ.ਪੀ ਨੇ ਕਿਹਾ ਕਿ ਕਾਂਗਰਸ ਵਿੱਚ ਅਨੁਸ਼ਾਸਨ ਨਹੀਂ ਹੈ। ਕਾਂਗਰਸ ਦਾ ਹਰ ਆਗੂ ਪਰਿਵਾਰ ਬਾਰੇ ਸੋਚਦਾ ਹੈ। ਜੀ.ਪੀ. ਫਤਹਿਗੜ੍ਹ ਸਾਹਿਬ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਸਨ।
ਗੁਰਪ੍ਰੀਤ ਸਿੰਘ ਜੀਪੀ ਮੁਹਾਲੀ ਦੇ ਰਹਿਣ ਵਾਲੇ ਹਨ। ਕਾਂਗਰਸ ਨੇ ਉਨ੍ਹਾਂ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਬੱਸੀ ਪਠਾਣਾ ਤੋਂ ਟਿਕਟ ਦਿੱਤੀ ਸੀ। ਜੀਪੀ ਨੇ ‘ਆਪ’ ਦੇ ਸੰਤੋਖ ਸਿੰਘ ਸਲਾਣਾ ਅਤੇ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਨੂੰ ਹਰਾਇਆ ਸੀ। 2022 ਦੀਆਂ ਚੋਣਾਂ ਵਿੱਚ ਉਹ ‘ਆਪ’ ਦੇ ਰੁਪਿੰਦਰ ਸਿੰਘ ਹੈਪੀ ਤੋਂ ਹਾਰ ਗਏ ਸਨ।