ਪੰਜਾਬ ਪੁਲਸ ਦੀ ਹਿਰਾਸਤ ‘ਚੋਂ ਚੋਰ ਫਰਾਰ
ਲੁਧਿਆਣਾ, 21 ਸਤੰਬਰ,ਬੋਲੇ ਪੰਜਾਬ ਬਿਊਰੋ :
ਇਥੇ ਇਕ ਚੋਰ ਦੇ ਪੁਲਸ ਹਿਰਾਸਤ ‘ਚੋਂ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਬੱਸ ਸਟੈਂਡ ਦੇ ਕੋਲ ਇੱਕ ਚੋਰ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ, ਜਿਸ ਦੀ ਵੀਡੀਓ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੌਰਾਨ ਲੋਕਾਂ ਦੀ ਮਦਦ ਨਾਲ ਚੋਰ ਨੂੰ ਕਾਬੂ ਕਰ ਲਿਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਥਾਣਾ ਜਮਾਲਪੁਰ ਮਾਮਲੇ ਨਾਲ ਸਬੰਧਤ ਮੁਲਜ਼ਮ ਨੂੰ ਘਟਨਾ ਵਾਲੀ ਥਾਂ ‘ਤੇ ਲਿਆਂਦਾ ਜਾ ਰਿਹਾ ਸੀ, ਜਿਸ ਦੌਰਾਨ ਉਹ ਮੌਕੇ ਦਾ ਫਾਇਦਾ ਉਠਾ ਕੇ ਕਿਸੇ ਇਮਾਰਤ ‘ਚ ਲੁਕ ਗਿਆ। ਪੁਲਿਸ ਵੀ ਚੋਰ ਦੇ ਪਿੱਛੇ ਭੱਜੀ। ਆਸ-ਪਾਸ ਦੇ ਲੋਕਾਂ ਨੇ ਵੀ ਚੋਰ ਦਾ ਪਿੱਛਾ ਕੀਤਾ ਅਤੇ ਉਸ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਸੀ.ਪੀ ਜਤਿਨ ਨੇ ਦੱਸਿਆ ਕਿ ਇਹ ਮਾਮਲਾ ਥਾਣਾ ਜਮਾਲਪੁਰ ਨਾਲ ਸਬੰਧਤ ਹੈ। ਮੁਲਜ਼ਮ ਨੂੰ ਕਿਸੇ ਮਾਮਲੇ ਸਬੰਧੀ ਨਿਸ਼ਾਨਦੇਹੀ ਲਈ ਘਟਨਾ ਵਾਲੀ ਥਾਂ ‘ਤੇ ਲਿਜਾਇਆ ਗਿਆ, ਜਿਸ ਦੌਰਾਨ ਉਹ ਮੌਕੇ ਦਾ ਫਾਇਦਾ ਉਠਾ ਕੇ ਫਰਾਰ ਹੋ ਗਿਆ, ਜਿਸ ਨੂੰ ਲੋਕਾਂ ਦੀ ਮਦਦ ਨਾਲ ਕਾਬੂ ਕਰ ਲਿਆ ਗਿਆ।