ਲੁਟੇਰਿਆਂ ਨੇ ਜਗਰਾਓਂ-ਰਾਏਕੋਟ ਰੋਡ ‘ਤੇ ਪੰਜਾਬ ਨੈਸ਼ਨਲ ਬੈਂਕ ਦੇ ਏਟੀਐੱਮ ‘ਚੋਂ ਲੱਖਾਂ ਰੁਪਏ ਲੁੱਟੇ
ਜਗਰਾਓਂ, 19 ਸਤੰਬਰ, ਬੋਲੇ ਪੰਜਾਬ ਬਿਊਰੋ
ਜਗਰਾਓਂ-ਰਾਏਕੋਟ ਰੋਡ ‘ਤੇ ਸਥਿਤ ਪਿੰਡ ਲੰਮੇ ‘ਚ ਮੰਗਲਵਾਰ ਦੇਰ ਰਾਤ ਲੁਟੇਰਿਆਂ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਏਟੀਐੱਮ ‘ਚੋਂ ਲੱਖਾਂ ਰੁਪਏ ਲੁੱਟ ਲਏ। ਘਟਨਾ ਦਾ ਖੁਲਾਸਾ ਅੱਜ ਬੁੱਧਵਾਰ ਸਵੇਰੇ ਉਸ ਸਮੇਂ ਹੋਇਆ ਜਦੋਂ ਪਿੰਡ ਦੇ ਇੱਕ ਵਿਅਕਤੀ ਨੇ ਏਟੀਐਮ ਬੂਥ ਟੁੱਟਿਆ ਦੇਖਿਆ। ਇਸ ਤੋਂ ਬਾਅਦ ਉਸ ਨੇ ਬੈਂਕ ਮੈਨੇਜਰ ਨੂੰ ਫੋਨ ‘ਤੇ ਸੂਚਨਾ ਦਿੱਤੀ।ਬੈਂਕ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ। ਜਗਰਾਉਂ, ਰਾਏਕੋਟ ਅਤੇ ਹਠੂਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ। ਜਦੋਂ ਪੁਲੀਸ ਨੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੋ ਬਾਈਕਾਂ ’ਤੇ ਆਏ ਚਾਰ ਲੁਟੇਰਿਆਂ ਨੇ ਪਹਿਲਾਂ ਏਟੀਐਮ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ’ਤੇ ਸਪਰੇਅ ਕੀਤੀ। ਫਿਰ ਉਹ ਏਟੀਐਮ ਦਾ ਸ਼ਟਰ ਕਟਰ ਨਾਲ ਕੱਟ ਕੇ ਅੰਦਰ ਵੜ ਗਏ। ਇੰਨਾ ਹੀ ਨਹੀਂ, ਜਿਵੇਂ ਹੀ ਲੁਟੇਰੇ ਅੰਦਰ ਦਾਖਲ ਹੋਏ, ਉਨ੍ਹਾਂ ਨੇ ਏ.ਟੀ.ਐੱਮ. ‘ਚ ਲੱਗੇ ਕੈਮਰਿਆਂ ‘ਤੇ ਸਪਰੇਅ ਕੀਤੀ ਅਤੇ ਕਟਰ ਨਾਲ ਏ.ਟੀ.ਐੱਮ. ਕੱਟਿਆ।ਸੂਤਰਾਂ ਅਨੁਸਾਰ ਲੁਟੇਰੇ ਏਟੀਐਮ ਵਿੱਚੋਂ 17 ਲੱਖ ਰੁਪਏ ਲੈ ਕੇ ਫਰਾਰ ਹੋ ਗਏ। ਲੁਟੇਰੇ ਆਪਣੇ ਨਾਲ ਲਿਆਂਦੇ ਗੈਸ ਕਟਰ ਦਾ ਸਿਲੰਡਰ ਵੀ ਏ.ਟੀ.ਐਮ ਵਿੱਚ ਛੱਡ ਗਏ। ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ।