ਲਿਬਰੇਸ਼ਨ ਵਲੋਂ ਮਾਲੀ ਨੂੰ ਗ੍ਰਿਫਤਾਰ ਕਰਨ ਦੀ ਨਿਖੇਧੀ

ਚੰਡੀਗੜ੍ਹ ਪੰਜਾਬ

ਆਲੋਚਕਾਂ ਦੇ ਮੂੰਹ ਬੰਦ ਕਰ ਕੇ ਅਪਣੀਆਂ ਨਾਕਾਮੀਆਂ ਨੂੰ ਨਹੀਂ ਢੱਕ ਸਕਦੀ ਮਾਨ ਸਰਕਾਰ

ਮਾਨਸਾ, 17 ਸਤੰਬਰ ,ਬੋਲੇ ਪੰਜਾਬ ਬਿਊਰੋ :


ਸੋਸ਼ਲ ਮੀਡੀਆ ਦੇ ਜਾਣੇ ਪਛਾਣੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਮੁਹਾਲੀ ਪੁਲੀਸ ਵੱਲੋਂ ਆਈਟੀ ਐਕਟ ਤਹਿਤ ਗ੍ਰਿਫਤਾਰ ਕੀਤੇ ਜਾਣ ਦੀ ਸੀਪੀਆਈ (ਐਮ ਐਲ) ਲਿਬਰੇਸ਼ਨ ਨੇ ਸਖ਼ਤ ਨਿੰਦਾ ਕੀਤੀ ਹੈ। ਪਾਰਟੀ ਦਾ ਕਹਿਣਾ ਹੈ ਕਿ ਸ਼ਿਕਾਇਤਕਰਤਾ ਭਾਵੇਂ ਕੋਈ ਵੀ ਹੋਵੇ, ਪਰ ਇਹ ਤੱਥ ਹੈ ਕਿ ਅਜਿਹੇ ਕੇਸ ਕਦੇ ਵੀ ਕੇਂਦਰ ਜਾਂ ਸੂਬਾ ਸਰਕਾਰ ਦੇ ਇਸ਼ਾਰੇ ਬਿਨਾਂ ਦਰਜ ਨਹੀਂ ਹੁੰਦੇ।
ਲਿਬਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਵਲੋਂ ਇਥੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਸ਼੍ਰੀ ਮਾਲੀ ਖਿਲਾਫ ਮੁਹਾਲੀ ਦੇ ਕਿਸੇ ਅਮਿਤ ਜੈਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਮੁਤਾਬਿਕ ਮਾਲੀ ਵਲੋਂ ਫੇਸਬੁੱਕ ਉੱਤੇ ਪਾਈਆਂ ਕੁਝ ਪੋਸਟਾਂ ਨੇ ਸ਼ਿਕਾਇਤਕਰਤਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਦੋਂ ਕਿ ਪੰਜਾਬ ਦੇ ਸੋਸ਼ਲ ਮੀਡੀਆ ਵਰਤਣ ਵਾਲੇ ਸਾਰੇ ਲੋਕ ਇਸ ਤੱਥ ਤੋਂ ਜਾਣੂੰ ਹਨ ਕਿ ਬੇਸ਼ੱਕ ਮਾਲਵਿੰਦਰ ਸਿੰਘ ਮਾਲੀ ਨਿੱਤ ਦਿਨ ਪ੍ਰਧਾਨ ਮੰਤਰੀ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਵੱਖ ਵੱਖ ਮੁੱਦਿਆਂ ‘ਤੇ ਅਨੇਕਾਂ ਸਮਾਜਿਕ ਤੇ ਸਿਆਸੀ ਸ਼ਖ਼ਸੀਅਤਾਂ ਦੀ ਤਿੱਖੀ ਨੁਕਤਾਚੀਨੀ ਕਰਦਾ ਹੈ, ਪਰ ਉਸ ਨੇ ਕਿਸੇ ਵੀ ਧਰਮ ਜਾਂ ਫਿਰਕੇ ਖਿਲਾਫ ਕਦੇ ਵੀ ਕੋਈ ਭੜਕਾਊ ਟਿਪਣੀ ਨਹੀਂ ਕੀਤੀ। ਮੁੱਖ ਮੰਤਰੀ ਮਾਨ ਦੇ ਫ਼ੈਸਲੇ ਤੇ ਕਾਰਗੁਜ਼ਾਰੀ ਅਕਸਰ ਮਾਲੀ ਦੀਆਂ ਤਿੱਖੀਆਂ ਟਿੱਪਣੀਆਂ ਦਾ ਖਾਸ ਨਿਸ਼ਾਨਾ ਬਣਦੀ ਹੈ। ਜਿਸ ਕਰਕੇ ਜ਼ਾਹਰ ਹੈ ਕਿ ਉਸ ਖਿਲਾਫ ਇਹ ਕੇਸ ਕਿਸੇ ਵਿਅਕਤੀ ਦੀ ਆੜ ਵਿੱਚ, ਸਿੱਧਾ ਮਾਨ ਸਰਕਾਰ ਦੀ ਹਿਦਾਇਤ ਉਤੇ ਹੀ ਦਰਜ ਹੋਇਆ ਹੈ।
ਇਹ ਝੂਠਾ ਕੇਸ ਰੱਦ ਕਰਨ ਦੀ ਮੰਗ ਕਰਦਿਆਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਅੱਜ ਦਾ ਯੁੱਗ ਮਹਿਜ਼ ਚਮਚਾ ਯੁੱਗ ਨਹੀਂ, ਬਲਕਿ ਲਿਖ਼ਣ ਬੋਲਣ ਦੀ ਆਜ਼ਾਦੀ ਦਾ ਯੁੱਗ ਹੈ। ਉਹ ਨਰਿੰਦਰ ਮੋਦੀ ਹੋਣ ਜਾਂ ਭਗਵੰਤ ਮਾਨ – ਜ਼ੋ ਵੀ ਆਮ ਜਨਤਾ ਤੋਂ ਲਿਖਣ ਬੋਲਣ ਦੀ ਆਜ਼ਾਦੀ ਖੋਹਣਾ ਚਾਹੁੰਦਾ ਹੈ, ਸਮਾਂ ਆਉਣ ‘ਤੇ ਜਨਤਾ ਉਸ ਕੁਰਸੀ ਖੋਹ ਕੇ ਜ਼ਮੀਨ ਉਤੇ ਲੈ ਆਉਂਦੀ ਹੈ।

Leave a Reply

Your email address will not be published. Required fields are marked *