ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਪੀ ਐਮ ਏ ਵਾਈ ਦੇ ਮਨਜ਼ੂਰੀ ਪੱਤਰ ਵੰਡੇ

ਚੰਡੀਗੜ੍ਹ ਪੰਜਾਬ

ਭਗਵੰਤ ਮਾਨ ਸਰਕਾਰ ਵੱਲੋਂ ਇਮਾਨਦਾਰੀ ਅਤੇ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਨੂੰ ਦੁਹਰਾਇਆ

ਐਸ.ਏ.ਐਸ.ਨਗਰ, 17 ਸਤੰਬਰ, ਬੋਲੇ ਪੰਜਾਬ ਬਿਊਰੋ :


ਪੀ ਐਮ ਏ ਵਾਈ ਸਕੀਮ ਤਹਿਤ ਯੋਗ ਲੋਕਾਂ ਨੂੰ ਪੱਕਾ ਮਕਾਨ ਬਣਾਉਣ ਦੇ ਵਾਅਦੇ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਕੈਬਿਨਟ ਮੰਤਰੀ ਅਨਮੋਲ ਗਗਨ ਮਾਨ ਨੇ ਮੰਗਲਵਾਰ ਨੂੰ ਮਾਜਰੀ ਬਲਾਕ ਵਿਖੇ 100 ਲਾਭਪਾਤਰੀਆਂ ਨੂੰ 1.20 ਕਰੋੜ ਰੁਪਏ ਦੇ ਮਨਜ਼ੂਰੀ ਪੱਤਰ ਵੰਡੇ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਮਾਨਦਾਰੀ ਨਾਲ ਲੋਕਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਦੇ ਭਲੇ ਲਈ ਚਲਾਈਆਂ ਗਈਆਂ ਸਾਰੀਆਂ ਸਕੀਮਾਂ ਦਾ ਲਾਭ ਹਰੇਕ ਯੋਗ ਵਿਅਕਤੀ ਨੂੰ ਤਨਦੇਹੀ ਨਾਲ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀ ਐਮ ਏ ਵਾਈ ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਕੁੱਲ ਰਕਮ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ, ਅੱਜ ਉਨ੍ਹਾਂ ਨੂੰ ਉਸਾਰੀ ਸ਼ੁਰੂ ਕਰਨ ਲਈ 30,000 ਰੁਪਏ ਦੀ ਪਹਿਲੀ ਕਿਸ਼ਤ, ਲੈਂਟਰ ਪੱਧਰ ‘ਤੇ 72,000 ਰੁਪਏ ਦੀ ਦੂਜੀ ਅਤੇ ਮੁਕੰਮਲ ਹੋਣ ‘ਤੇ 18,000 ਰੁਪਏ ਦੀ ਆਖਰੀ ਤੇ ਤੀਜੀ ਕਿਸ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 90 ਦਿਨਾਂ ਦੀ ਮਨਰੇਗਾ ਲੇਬਰ (ਜੇਕਰ ਲਾਭ ਪਾਤਰੀ ਮਨਰੇਗਾ ਜੋਬ ਕਾਰਡ ਧਾਰਕ ਹੈ) 28980 ਰੁਪਏ ਮਕਾਨ ਉਸਾਰੀ ਚ ਮਿਹਨਤ ਲਈ ਮਜ਼ਦੂਰੀ ਵਜੋਂ ਅਲੱਗ ਤੋਂ ਮਿਲਣਯੋਗ ਹੋਣਗੇ।
ਉਨ੍ਹਾਂ ਅੱਗੇ ਕਿਹਾ ਕਿ ਭਾਵੇਂ ਕੇਂਦਰ ਸਰਕਾਰ ਨੇ ਸੂਬੇ ਦੇ ਵਿਕਾਸ ਲਈ 10,000 ਰੁਪਏ ਦੇ ਫੰਡਾਂ ਨੂੰ ਰੋਕ ਦਿੱਤਾ ਸੀ ਪਰ ਸੂਬਾ ਸਰਕਾਰ ਪੰਜਾਬ ਵਾਸੀਆਂ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਜਿਵੇਂ ਕਿ ਸੜਕਾਂ, ਪੀਣ ਵਾਲੇ ਪਾਣੀ ਆਦਿ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।ਉਨ੍ਹਾਂ ਕਿਹਾ ਕਿ ਸੜਕਾਂ ਇਲਾਕੇ ਵਿੱਚ ਜਲਦੀ ਹੀ ਬਣਾਈਆਂ ਜਾਣਗੀਆਂ ਜਾਵੇਗੀ ਅਤੇ ਲੋਕਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੰਚਾਇਤੀ ਚੋਣਾਂ ਦੌਰਾਨ ਇਮਾਨਦਾਰ ਅਤੇ ਸਮਰਪਿਤ ਨੁਮਾਇੰਦੇ ਚੁਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ। ਉਨ੍ਹਾਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਲੱਖ ਰੁਪਏ ਦੀ ਗ੍ਰਾਂਟ ਦਾ ਹੱਕਦਾਰ ਬਣਨ ਲਈ ਸਰਬਸੰਮਤੀ ਨਾਲ ਪੰਚਾਇਤ ਚੁਣਨ ਦੀ ਵੀ ਅਪੀਲ ਕੀਤੀ, ਜਿਵੇਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਹਿਲਾਂ ਇਸ ਬਾਰੇ ਐਲਾਨ ਕੀਤਾ ਗਿਆ ਸੀ।
ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਨਿਵੇਸ਼ ਪ੍ਰੋਤਸਾਹਨ, ਲੇਬਰ ਅਤੇ ਪ੍ਰਾਹੁਣਚਾਰੀ ਵਿਭਾਗਾਂ ਬਾਰੇ ਕੈਬਨਿਟ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਇਸ ਮੌਕੇ 11 ਪਿੰਡਾਂ ਨੂੰ 22 ਲੱਖ ਰੁਪਏ ਦੀਆਂ ਵਿਕਾਸ ਗ੍ਰਾਂਟਾਂ ਵੀ ਵੰਡੀਆਂ।
ਉਨ੍ਹਾਂ ਕਿਹਾ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਅੱਜ ਪੱਕੇ ਮਕਾਨ ਬਣਾਉਣ ਦੇ ਮਨਜ਼ੂਰੀ ਪੱਤਰ ਨਹੀਂ ਮਿਲ ਸਕੇ, ਉਨ੍ਹਾਂ ਨੂੰ ਉਮੀਦ ਨਹੀਂ ਛੱਡਣੀ ਚਾਹੀਦੀ ਕਿਉਂਕਿ ਵੱਡੀ ਗਿਣਤੀ ਚ ਅਰਜ਼ੀਆਂ ਪ੍ਰਕਿਰਿਆ ਅਧੀਨ ਹਨ ਅਤੇ ਸਾਰੇ ਯੋਗ ਵਿਅਕਤੀਆਂ ਨੂੰ ਇਸ ਸਕੀਮ ਅਧੀਨ ਕਵਰ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਖਰੜ ਗੁਰਮੰਦਰ ਸਿੰਘ, ਬੀ.ਡੀ.ਪੀ.ਓ ਮਾਜਰੀ ਗੁਰਮਿੰਦਰ ਸਿੰਘ ਅਤੇ ਸਰਪੰਚ ਮਾਜਰੀ ਜਗਦੀਪ ਰਾਣਾ ਸਮੇਤ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *