ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ

ਸੰਸਾਰ ਚੰਡੀਗੜ੍ਹ ਪੰਜਾਬ

ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ

ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ ‘ਚ, ਰੰਗਾਂ ‘ਚ, ਮਾਨਵ ਜਾਤੀ ‘ਚ ਜਾਂ ਫੁੱਲ-ਪੱਤਰਾਂ ‘ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ…
ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ ਦੀ ਕਿਸੇ ਪਰੀ ਵਰਗੀ ਦਵਿੰਦਰ ਬਾਂਸਲ
ਦੀ ਕਵਿਤਾ ਸਾਨੂੰ ਆਪਣੇ ਵੱਲ ਖਿੱਚਣ ਲੱਗ ਪਈ।

ਬੜੀ ਨਵੀਂ, ਨਿਵੇਕਲੀ ਹੈ ਕਵਿਤਰੀ ਬਾਂਸਲ ਦੀ ਕਵਿਤਾ… ਸਮੂਹਕ ਨਾਰੀ ਕਵਿਤਾ ਦੀ ਉਡਾਰੀ ਨਾਲੋਂ ਵੱਖਰੀਆਂ ਦਿਸ਼ਾਵਾਂ ਵੱਲ ਲਿਜਾਂਦੀ ਇਹ
ਕਵਿਤਾ… ਦਵਿੰਦਰ ਬਾਂਸਲ ਦੀ ਕਵਿਤਾ ਰੋਣ-ਧੋਣ, ਹਉਕੇ- ਹਾੜੇ ਤੇ ਹੇਰਵਿਆਂ ਨਾਲ ਸਬੰਧ ਨਹੀਂ ਰੱਖਦੀ। ਇਹ ਜੀਣ ਥੀਂਣ ਨਾਲ ਜੁੜੇ ਚੋਣਵੇਂ ਵਰਤਾਰਿਆਂ ਨੂੰ ਕਾਵਿਕ ਸ਼ੈਲੀ ਵਿੱਚ ਬੜੀਆਂ ਕਲਾਤਮਕ ਛੋਹਾਂ ਨਾਲ ਪੇਸ਼ ਕਰਦੀ।


‘ਮੇਰੀਆਂ ਝਾਂਜਰਾਂ ਦੀ ਛਨ ਛਨ’, ‘ਜੀਵਨ ਰੁੱਤ ਦੀ ਮਾਲਾ’ ਤੇ
‘ਸਵੈ ਦੀ ਪਰਿਕਰਮਾ’ ਕਲਾਵਤੀ ਦਵਿੰਦਰ ਬਾਂਸਲ ਦੀਆਂ ਤਿੰਨ ਜ਼ਿਕਰਯੋਗ ਤੇ ਚਰਚਿਤ ਕਾਵਿ ਪੁਸਤਕਾਂ ਨੇ…
ਕਈ ਘਰਾਂ ‘ਚ ਦਹਾਕੇ ਪਹਿਲਾਂ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਜਾ ਚੁਕੇ ਮਾਪਿਆਂ ਦਾ ਨਾਮ, ਨਿਸ਼ਾਨ ਵੀ ਨਹੀਂ ਮਿਲਦਾ ਪਰ ਦਵਿੰਦਰ ਬਾਂਸਲ ਦੇ ਘਰ ਉਸਦੇ ਮਾਪਿਆਂ ਵਾਲੇ ਸੰਸਕਾਰ ਅੱਜ ਵੀ ਟਹਿਕਦੇ, ਮਹਿਕਦੇ ਮਹਿਸੂਸ ਹੁੰਦੇ…
ਹਸਤ ਛੋਹਾਂ ਵਾਲੀਆਂ ਉਹਨਾਂ ਦੀਆਂ ਪੁਰਾਤਨ ਵਸਤਾਂ ਹਨੇਰੇ-ਸਵੇਰੇ ਜੀਵਨ ਜਾਚ ਦੀਆਂ ਸੁਨਹਿਰੀ ਬਾਤਾਂ ਪਾਉਂਦੀਆਂ ਪ੍ਰਤੀਤ ਹੁੰਦੀਆਂ।
ਦਵਿੰਦਰ ਬਾਂਸਲ ਦਾ ਅਜੋਕਾ ਘਰ ਚਾਰ ਦੀਵਾਰਾਂ ਵਾਲਾ ਸਾਡੇ ਘਰਾਂ ਵਰਗਾ ਘਰ ਨਹੀਂ, ਫਲੈਟ ਨਹੀਂ, ਕੋਂਡੋ ਵੀ ਨਹੀਂ, ਸਕਾਰਬਰੋ, ਕੈਨੇਡਾ ਵਿੱਚ ਆਲੀਸ਼ਾਨ ਯੋਰਪੀਨ ਬੰਗਲਾ ਹੈ। ਬੰਗਲੇ ਦਾ ਕੋਨਾ, ਕੋਨਾ ਨਵੀਨ ਤੇ ਪੁਰਾਤਨ ਕਲਾ ਵਸਤਾਂ ਨਾਲ ਸ਼ਿੰਗਾਰਿਆ ਪਿਆ। ਆਇਆ, ਗਿਆ ਮਹਿਮਾਨ ਬੰਗਲੇ ਦੇ ਹਰ ਕੋਨੇ ‘ਚ ਵਿਚਰਦਾ ਬਾਂਸਲ ਦੀਆਂ ਕਲਾ ਰੁਚੀਆਂ ਵੇਖ, ਮਾਣ ਸਕਦਾ।

ਸੁਰਗੀਂ ਜਾ ਵਸੇ ਮਾਪਿਆ ਦੇ ਅਸ਼ਟ ਧਾਤੂ ਦੇ ਬਣੇ ਬੇਸ਼ਕੀਮਤੀ ਬਰਤਨ, ਗਹਿਣੇ, ਮੂਰਤੀਆਂ ਤੇ ਹੋਰ ਕਲਾ ਵਸਤਾਂ ਅੱਜ ਵੀ ਕਵਿਤਰੀ ਬਾਂਸਲ ਤੇ ਦਰਸ਼ਕਾਂ ਨੂੰ ਜੀਣ-ਥੀਣ ਲਈ ਬਲ ਬਖਸ਼ਦੇ ਪ੍ਰਤੀਤ ਹੁੰਦੇ। ਪਿੱਤਲ ਦੀਆਂ ਪਰਾਤਾਂ, ਕਹਿੰ ਧਾਤੂ ਦੇ ਛੰਨੇ, ਥਾਲੀਆਂ ਦੁੱਧ ਦੋਹਣੀਆਂ, ਜੱਗ, ਦੇਗਚੇ, ਕੈਂਠੇ, ਰਾਣੀ ਹਾਰ, ਬਾਜੂ ਬੰਦ, ਕਲੀਰੇ, ਟਿੱਕੇ, ਨੱਥਾਂ, ਚੂੜੇ ਤੇ ਗਜਰਿਆਂ ਦਾ ਭੰਡਾਰ ਉਸਦੀ ਜੀਵਨ ਸ਼ੈਲੀ ਨੂੰ ਬਹੁਤ ਅਮੀਰ ਬਣਾਉਂਦਾ। ਵਿਰਾਸਤੀ ਵਰਤਾਰਿਆਂ ਨਾਲ ਜੁੜੇ ਇਸੇ ਖਜ਼ਾਨੇ ਦਾ ਜਿਕਰ, ਫਿਕਰ ਉਸਦੀ ਜਿਉਂਦੀ, ਜਾਗਦੀ ਕਵਿਤਾ ਨੂੰ ਵੀ ਪੜ੍ਹਨ ਤੇ ਮਾਨਣ ਦੇ ਯੋਗ ਬਣਾਉਂਦਾ।

ਨਿਰਸੰਦੇਹ ਦਵਿੰਦਰ ਬਾਂਸਲ ਦੀ ਸਫਲਤਾ ਪਿੱਛੇ ਉਸਦੇ ਪਤੀ ਦੇਵ ਕਸ਼ਮੀਰਾ ਸਿੰਘ ਉਰਫ ਕਾਜ ਬਾਂਸਲ ਦਾ ਵੀ ਬਰਾਬਰੀ ਵਾਲਾ ਹੱਥ ਹੈ। ਬੜੇ ਮੋਹ, ਪਿਆਰ ਕਰਨ ਵਾਲੀ ਜੋੜੀ ਹੈ। ਕਿਧਰੇ ਵੀ ਕਿਸੇ ‘ਚ ਕੋਈ ਨਿੰਦ-ਵਿਚਾਰ ਵੇਖਣ ਨੂੰ ਨਹੀਂ ਮਿਲਦਾ। ਮਿੱਤਰ ਪਿਆਰਿਆਂ ਦੀ ਮਹਿਮਾਨ ਨਿਵਾਜੀ ਲਈ ਉਹ ਦੋਏਂ ਪਰਛਾਵੇਂ ਵਾਂਗ ਅੱਗੇ-ਪਿੱਛੇ ਤੁਰੇ ਫਿਰਦੇ।

ਹੱਸਦੇ, ਵੱਸਦੇ ਕਾਜ ਸਿੰਘ ਤੇ ਦਵਿੰਦਰ ਬਾਂਸਲ ‘ਤੇਰੀ ਮੇਰੀ ਇੱਕ ਜਿੰਦੜੀ’… ਪ੍ਰਤੀਤ ਹੁੰਦੇ। ਸਕਾਰਬਰੋ, ਕੈਨੇਡਾ ਵਿਖੇ ਇਸ ਰੱਬੀ ਜੋੜੀ ਦੇ ਘਰ ਬਿਤਾਏ ਤਿੰਨ ਦਿਨ ਇੰਝ ਬੀਤੇ ਜਿਵੇਂ ਅੱਖ ਪਲਕਾਰਿਆ ‘ਚ ਸੈਆਂ ਹੁਸੀਨ ਪਲ ਬੀਤ ਜਾਂਦੇ …

ਸੱਚੀ ! ਨਿੱਘੀ, ਕੋਸੀ ਇਸ ਮਿਲਣੀ ਨੇ ਕੋਈ ਦੋ, ਢਾਈ ਦਹਾਕੇ ਪਹਿਲਾਂ ਅੰਮ੍ਰਿਤਾ ਪ੍ਰੀਤਮ ਤੇ ਇਮਰੋਜ਼ ਨਾਲ ਹੌਜ ਖਾਸ, ਦਿੱਲੀ ਵਾਲੇ ਘਰ ‘ਚ ਬਿਤਾਏ ਇਹੋ ਜਿਹੇ ਸੁਖਾਵੇਂ ਦਿਨ ਵੀ ਸਾਨੂੰ ਮੁੜ ਯਾਦ ਕਰਵਾ ਦਿੱਤੇ …
ਚੰਦ ਕੁ ਜੋੜੀਆਂ ਬੜੀਆਂ
ਖੁਸ਼ਨਸੀਬ ਹੁੰਦੀਆਂ… ਅਜਿਹੇ ਜਿਉੜਿਆਂ ਦੇ ਹਿੱਸੇ ਤਮਾਮ ਬਰਕਤਾਂ ਤੇ ਸ਼ੁਹਰਤਾਂ ਧੁਰੋਂ ਲਿਖੀਆਂ ਹੁੰਦੀਆਂ…

ਕੈਨੇਡਾ ਦੀ ਇਸ ਫੇਰੀ ਦੌਰਾਨ ਜੇ ਬਾਂਸਲ ਜੋੜੀ ਨੂੰ ਨਾ ਮਿਲਦੇ ਤਾਂ ਯਕੀਨਨ ਇਹ ਯਾਤਰਾ ਅਧੂਰੀ ਰਹਿਣੀ ਸੀ…

ਹਰਦੇਵ ਚੌਹਾਨ

7009857708

Leave a Reply

Your email address will not be published. Required fields are marked *