ਉੱਤਰਾਖੰਡ ‘ਚ ਕਈ ਥਾਵਾਂ ‘ਤੇ ਢਿੱਗਾਂ ਡਿੱਗੀਆਂ, ਔਰਤ ਸਮੇਤ ਤਿੰਨ ਦੀ ਮੌਤ
ਦੇਹਰਾਦੂਨ, 14 ਸਤੰਬਰ ,ਬੋਲੇ ਪੰਜਾਬ ਬਿਊਰੋ :
ਆਫਤ ਪ੍ਰਭਾਵਿਤ ਸੂਬੇ ਉੱਤਰਾਖੰਡ ‘ਚ ਕਈ ਥਾਵਾਂ ‘ਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਜਾਨਲੇਵਾ ਬਣ ਰਹੀਆਂ ਹਨ। ਮਲਬਾ ਕਦੋਂ ਕਿਸ ‘ਤੇ ਡਿੱਗੇਗਾ, ਕੋਈ ਨਹੀਂ ਜਾਣਦਾ। ਸ਼ਨੀਵਾਰ ਨੂੰ ਢਿੱਗਾਂ ਡਿੱਗਣ ਕਰਕੇ ਮਲਬੇ ਹੇਠਾਂ ਦੱਬਣ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਐੱਸ.ਡੀ.ਆਰ.ਐੱਫ ਨੇ ਮਲਬੇ ‘ਚੋਂ ਸਾਰੀਆਂ ਲਾਸ਼ਾਂ ਨੂੰ ਕੱਢ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਜ਼ਖਮੀਆਂ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ।
ਡਿਜ਼ਾਸਟਰ ਮੈਨੇਜਮੈਂਟ ਕੰਟਰੋਲ ਰੂਮ ਪਿਥੌਰਾਗੜ੍ਹ ਨੂੰ ਗੜ੍ਹਕੋਟ ‘ਚ ਢਿੱਗਾਂ ਡਿੱਗਣ ਕਾਰਨ ਇਕ ਔਰਤ ਦੇ ਦੱਬੇ ਜਾਣ ਦੀ ਸੂਚਨਾ ਮਿਲਣ ‘ਤੇ ਐੱਸ.ਡੀ.ਆਰ.ਐੱਫ ਦੀ ਟੀਮ ਨੇ ਉੱਥੇ ਪਹੁੰਚ ਕੇ ਬਚਾਅ ਕਾਰਜ ਚਲਾਇਆ। ਕਾਫੀ ਮੁਸ਼ੱਕਤ ਤੋਂ ਬਾਅਦ ਮਲਬੇ ਹੇਠ ਦੱਬੀ ਔਰਤ ਦੇਵਕੀ ਦੇਵੀ (75) ਪਤਨੀ ਪੂਰਨ ਚੰਦਰ ਉਪਾਧਿਆਏ ਵਾਸੀ ਪਿੰਡ ਗੜ੍ਹਕੋਟ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ। ਅਲਮੋੜਾ ਜ਼ਿਲੇ ਦੇ ਲਮਗੜਾ ਨੇੜੇ ਇਕ ਵਾਹਨ ਹਾਦਸੇ ਦੀ ਸੂਚਨਾ ਮਿਲਣ ‘ਤੇ ਐੱਸਡੀਆਰਐੱਫ ਦੀ ਟੀਮ ਤੁਰੰਤ ਮੌਕੇ ‘ਤੇ ਰਵਾਨਾ ਹੋ ਗਈ। ਗੱਡੀ ਵਿੱਚ ਕੁੱਲ ਪੰਜ ਲੋਕ ਸਵਾਰ ਸਨ। ਇਨ੍ਹਾਂ ਵਿੱਚੋਂ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ ਹੈ। ਜਦਕਿ ਦੋ ਵਿਅਕਤੀ ਖੱਡ ਵਿੱਚ ਡਿੱਗ ਗਏ ਸਨ।
ਐਸ.ਡੀ.ਆਰ.ਐਫ ਦੀ ਟੀਮ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਟੋਏ ਵਿੱਚ ਉਤਰ ਕੇ ਦੋਵਾਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੁਲਿਸ ਹਵਾਲੇ ਕਰ ਦਿੱਤਾ। ਹਾਲਾਂਕਿ, ਉਨ੍ਹਾਂ ਦੀ ਪਛਾਣ ਨਹੀਂ ਹੋ ਸਕੀ ਹੈ।ਐਸ.ਡੀ.ਆਰ.ਐਫ. ਨੂੰ ਨੈਨੀਤਾਲ ਜ਼ਿਲ੍ਹਾ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਨਦੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਝੁਟੀਆ ਪਿੰਡ ਰਾਮਗੜ੍ਹ ਨੇੜੇ ਕੁਝ ਲੋਕ ਫਸ ਗਏ ਹਨ। ਐਸ.ਆਈ ਸੰਤੋਸ਼ ਪਰਿਹਾਰ ਦੀ ਅਗਵਾਈ ਹੇਠ ਐਸ.ਡੀ.ਆਰ.ਐਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਥੇ ਫਸੇ ਪੰਜ ਪਰਿਵਾਰਾਂ ਦੇ 19 ਲੋਕਾਂ ਨੂੰ ਸੁਰੱਖਿਅਤ ਕੱਢ ਕੇ ਸਨਰਾਈਜ਼ ਪਬਲਿਕ ਸਕੂਲ ਤੱਲਾ ਰਾਮਗੜ੍ਹ ਵਿਖੇ ਪਹੁੰਚਾਇਆ।
ਐਸ.ਡੀ.ਆਰ.ਐਫ. ਨੂੰ ਅਲਮੋੜਾ ਜ਼ਿਲ੍ਹਾ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਕਿ ਦੋ ਵਿਅਕਤੀ ਪਾਨਾਰ ਨੇੜੇ ਨਦੀ ਵਿੱਚ ਫਸੇ ਹੋਏ ਹਨ। ਐਡੀਸ਼ਨਲ ਸਬ-ਇੰਸਪੈਕਟਰ ਰਵੀ ਰਾਵਤ ਦੀ ਅਗਵਾਈ ‘ਚ ਐੱਸ.ਡੀ.ਆਰ.ਐੱਫ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਦੋਵਾਂ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਸੁਰੱਖਿਅਤ ਸਥਾਨ ‘ਤੇ ਪਹੁੰਚਾਇਆ। ਗੰਗੋਤਰੀ ਹਾਈਵੇਅ ‘ਤੇ ਦਰੱਖਤ ਡਿੱਗਣ ਕਾਰਨ ਸੜਕ ਜਾਮ ਹੋ ਗਈ। ਉੱਤਰਕਾਸ਼ੀ ਜ਼ਿਲ੍ਹਾ ਕੰਟਰੋਲ ਰੂਮ ਤੋਂ ਸੂਚਨਾ ਮਿਲਣ ‘ਤੇ ਐਸ.ਡੀ.ਆਰ.ਐਫ. ਦੀ ਟੀਮ ਤੁਰੰਤ ਮੌਕੇ ‘ਤੇ ਰਵਾਨਾ ਹੋਈ ਅਤੇ ਉਕਤ ਦਰੱਖਤ ਨੂੰ ਪਾਸੇ ਤੋਂ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।