ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਜੰਮੂ-ਕਸ਼ਮੀਰ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨਗੇ
ਸ਼੍ਰੀਨਗਰ, 14 ਸਤੰਬਰ,ਬੋਲੇ ਪੰਜਾਬ ਬਿਊਰੋ :
ਜੰਮੂ-ਕਸ਼ਮੀਰ ‘ਚ ਦਸ ਸਾਲ ਬਾਅਦ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਹਿਲੀ ਚੋਣ ਰੈਲੀ ਅੱਜ ਸ਼ਨੀਵਾਰ ਨੂੰ ਡੋਡਾ ‘ਚ ਹੋਵੇਗੀ। ਡੋਡਾ ਸਟੇਡੀਅਮ ਵਿੱਚ ਹੋਣ ਵਾਲੀ ਰੈਲੀ ਦੇ ਮੱਦੇਨਜ਼ਰ ਪੂਰੇ ਸਟੇਡੀਅਮ ਕੰਪਲੈਕਸ ਨੂੰ ਸੀਲ ਕਰ ਦਿੱਤਾ ਗਿਆ ਹੈ। ਆਸਪਾਸ ਦੇ ਇਲਾਕਿਆਂ ਵਿੱਚ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਰੈਲੀ ਵਾਲੀ ਥਾਂ ‘ਤੇ ਡਰੋਨ ਰਾਹੀਂ ਵੀ ਨਜ਼ਰ ਰੱਖੀ ਜਾਵੇਗੀ। ਇਸ ਤੋਂ ਇਲਾਵਾ ਨੇੜਲੇ ਘਰਾਂ ਦੀਆਂ ਛੱਤਾਂ ‘ਤੇ ਵੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਮੋਦੀ ਸਮੁੱਚੀ ਚਨਾਬ ਘਾਟੀ, ਡੋਡਾ, ਡੋਡਾ ਪੱਛਮੀ, ਭਦਰਵਾਹ, ਕਿਸ਼ਤਵਾੜ, ਇੰਦਰਵਾਲ, ਪਦਾਰ-ਨਾਗਸੇਨੀ, ਰਾਮਬਨ ਅਤੇ ਬਨਿਹਾਲ ਦੀਆਂ ਅੱਠ ਵਿਧਾਨ ਸਭਾ ਸੀਟਾਂ ਦੇ ਉਮੀਦਵਾਰਾਂ ਲਈ ਡੋਡਾ ਤੋਂ ਵੋਟਾਂ ਮੰਗਣਗੇ। ਇਨ੍ਹਾਂ ਅੱਠ ਸੀਟਾਂ ਲਈ 18 ਸਤੰਬਰ ਨੂੰ ਵੋਟਿੰਗ ਹੋਣੀ ਹੈ।ਇਸ ਤੋਂ ਪਹਿਲਾਂ 2014 ਦੀਆਂ ਚੋਣਾਂ ਵਿੱਚ ਪ੍ਰਧਾਨ ਮੰਤਰੀ ਨੇ ਕਿਸ਼ਤਵਾੜ ਵਿੱਚ ਰੈਲੀ ਕੀਤੀ ਸੀ।