ਈਡੀ ਵਲੋਂ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਜਾਇਦਾਦ ਜ਼ਬਤ
ਨਵੀਂ ਦਿੱਲੀ, 12 ਸਤੰਬਰ,ਬੋਲੇ ਪੰਜਾਬ ਬਿਊਰੋ ;
ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਸ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ 29.75 ਕਰੋੜ ਰੁਪਏ ਦੀ ਨਵੀਂ ਜਾਇਦਾਦ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜ਼ਬਤ ਕੀਤੀ ਹੈ। ਈ.ਡੀ. ਨੇ ਇਕ ਬਿਆਨ ਵਿਚ ਕਿਹਾ ਕਿ ਮਨੀ ਲਾਂਡਰਿੰਗ ਰੋਕੂ ਕਾਨੂੰਨ (P.M.L.A.) ਦੇ ਤਹਿਤ ਸਬੰਧਤ ਜਾਇਦਾਦਾਂ ਨੂੰ ਜ਼ਬਤ ਕਰਨ ਲਈ ਆਰਜ਼ੀ ਹੁਕਮ ਜਾਰੀ ਕੀਤਾ ਗਿਆ ਹੈ। ਇਹ ਜਾਇਦਾਦ ਬੈਂਕ ਜਮ੍ਹਾਂ, ਜ਼ਮੀਨ ਅਤੇ ਇਮਾਰਤਾਂ ਦੇ ਰੂਪ ’ਚ ਹੈ।
ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ.) ਨਾਲ ਕਥਿਤ 2 ਅਰਬ ਡਾਲਰ ਦੇ ਧੋਖਾਧੜੀ ਮਾਮਲੇ ’ਚ ਪੰਜ ਸਾਲ ਤੋਂ ਵੱਧ ਸਮੇਂ ਤੋਂ ਜਾਂਚ ਕਰ ਰਹੀ ਏਜੰਸੀ ਨੇ ਇਸ ਤੋਂ ਪਹਿਲਾਂ ਨੀਰਵ ਮੋਦੀ ਦੇ ਭਾਰਤ ਅਤੇ ਵਿਦੇਸ਼ਾਂ ’ਚ 2,596 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਸੀ। ਨੀਰਵ ਮੋਦੀ (53) ਇਸ ਸਮੇਂ ਬਰਤਾਨੀਆਂ ਦੀ ਜੇਲ ’ਚ ਬੰਦ ਹੈ।