ਨਵੀਂ ਦਿੱਲੀ 6 ਮਾਰਚ ,ਬੋਲੇ ਪੰਜਾਬ ਬਿਓਰੋ(ਮਨਪ੍ਰੀਤ ਸਿੰਘ ਖਾਲਸਾ):-ਟਕਸਾਲੀ ਅਕਾਲੀ ਆਗੂ ਸ. ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੇ ਸਮੁੱਚੇ ਸਾਥੀਆਂ ਸਮੇਤ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਘਰ ਵਾਪਸੀ ਕਰਕੇ ਬਹੁਤ ਹੀ ਚੰਗਾ ਕਾਰਜ ਕੀਤਾ ਹੈ । ਇਸਦੇ ਲਈ ਸ. ਸੁਖਦੇਵ ਸਿੰਘ ਢੀਡਸਾ, ਸ. ਪਰਮਿੰਦਰ ਸਿੰਘ ਢੀਡਸਾ ਤੇ ਉਹਨਾਂ ਦੇ ਸਾਥੀ ਵਧਾਈ ਦੇ ਪਾਤਰ ਹਨ । ਇਸ ਪੰਥਕ ਏਕਤਾ ਨਾਲ ਨਾ ਸਿਰਫ ਸਾਡੀ ਇੱਕੋ ਇੱਕ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਲ ਮਿਲਿਆ ਹੈ ਸਗੋਂ ਉੱਥੇ ਹੀ ਪੰਥਕ ਮਸਲਿਆਂ ਦੇ ਹੱਲ ਤੇ ਪੰਥ ਦੇ ਵਡੇਰੇ ਹਿੱਤਾਂ ਲਈ ਵੀ ਇਹ ਏਕਤਾ ਸਹਾਈ ਹੋਵੇਗੀ । ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਸ. ਸੁਖਦੇਵ ਸਿੰਘ ਢੀਂਡਸਾ ਨੇ ਵੇਲੇ ਸਿਰ ਸਹੀ ਫੈਸਲਾ ਲਿਆ ਹੈ ।
ਦਿੱਲੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਨੂੰ ਜਾਰੀ ਇਕ ਬਿਆਨ ਰਾਹੀਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੱਲੋਂ ਜੋ ਪਿਛਲੇ ਸਮੇਂ ਦੌਰਾਨ ਪੰਥਕ ਏਕਤਾ ਲਈ ਯਤਨ ਕੀਤੇ ਗਏ ਤੇ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਜਿਸ ਤਰ੍ਹਾਂ ਲਗਾਤਾਰ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ । ਉਸਨੂੰ ਦੇਖਕੇ ਸ. ਸੁਖਦੇਵ ਸਿੰਘ ਢੀਂਡਸਾ ਨੇ ਵਾਪਸੀ ਦਾ ਫੈਸਲਾ ਕੀਤਾ ਹੈ । ਇਸਦੇ ਲਈ ਸ. ਸੁਖਬੀਰ ਸਿੰਘ ਬਾਦਲ ਵੀ ਇਸ ਪੰਥਕ ਏਕੇ ਲਈ ਵਧਾਈ ਦੇ ਪਾਤਰ ਹਨ ।
ਇਸਦੇ ਨਾਲ ਹੀ ਮੇਰੀ ਹੋਰਨਾਂ ਪੰਥਕ ਆਗੂਆਂ ਨੂੰ ਵੀ ਅਪੀਲ ਹੈ ਕਿ ਉਹ ਆਪਣੇ ਮਤਭੇਦ ਭੁਲਾਕੇ ਪੰਥ ਦੇ ਵਡੇਰੇ ਹਿੱਤਾਂ ਦੇ ਲਈ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਵਾਪਸੀ ਕਰਦਿਆਂ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਇਕਜੁਟ ਹੋ ਕੇ ਲੜਾਈ ਲੜਨ ਲਈ ਇਕੱਠੇ ਹੋਣ ਕਿਉਂਕਿ ਜਿਹੋ ਜਿਹੇ ਹਾਲਤ ਅਜੋਕੇ ਸਮੇਂ ਵਿੱਚ ਬਣੇ ਹੋਏ ਹਨ । ਉਸਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਕਜੁਟ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਸਾਰਿਆਂ ਨੂੰ ਪੰਥਕ ਹਿੱਤਾਂ ਲਈ ਆਪਸੀ ਵਖਰੇਵੇਂ ਪਾਸੇ ਰੱਖ ਕੇ ਇਕਜੁਟ ਹੋਣਾ ਚਾਹੀਦਾ ਹੈ ।