ਖੁਰਾਕ ਤੇ ਜਨਤਕ ਵੰਡ ਵਿਭਾਗ ਦਾ ਡਿਪਟੀ ਡਾਇਰੈਕਟਰ ਆਰ.ਕੇ. ਸਿੰਗਲਾ ਇੱਕ ਹੋਰ ਕੇਸ ਵਿੱਚ ਭਗੌੜਾ ਕਰਾਰ

Uncategorized

ਚੰਡੀਗੜ੍ਹ 6 ਮਾਰਚ,ਬੋਲੇ ਪੰਜਾਬ ਬਿਓਰੋ –

ਐਸ.ਬੀ.ਐਸ. ਨਗਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਮਜ਼ਦੂਰੀ ਅਤੇ ਢੋਆ-ਢੁਆਈ ਦੇ ਠੇਕੇ ਵੱਧ ਰੇਟਾਂ ਉੱਤੇ ਅਲਾਟ ਕਰਨ ਸਬੰਧੀ ਇੱਕ ਕੇਸ ਵਿੱਚ ਖੁਰਾਕ ਤੇ ਜਨਤਕ ਵੰਡ ਵਿਭਾਗ, ਪੰਜਾਬ ਦੇ ਡਿਪਟੀ ਡਾਇਰੈਕਟਰ ਮੁਲਜ਼ਮ ਆਰ.ਕੇ. ਸਿੰਗਲਾ ਨੂੰ ਸੀ.ਜੇ.ਐਮ. ਐਸ.ਬੀ.ਐਸ. ਨਗਰ ਦੀ ਅਦਾਲਤ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ।

ਇਸ ਤੋਂ ਪਹਿਲਾਂ ਉਕਤ ਮੁਲਜ਼ਮ ਰਾਕੇਸ਼ ਕੁਮਾਰ ਸਿੰਗਲਾ ਨੂੰ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਦੀ ਢੋਆ-ਢੁਆਈ ਦੇ ਘੁਟਾਲੇ ਸੰਬੰਧੀ ਦਰਜ ਕੇਸ ਵਿੱਚ ਲੁਧਿਆਣਾ ਦੀ ਅਦਾਲਤ ਵੱਲੋਂ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਆਰ.ਕੇ. ਸਿੰਗਲਾ, ਸਾਬਕਾ ਖੁਰਾਕ ਤੇ ਜਨਤਕ ਵੰਡ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਠੇਕੇਦਾਰਾਂ ਸਮੇਤ ਸੱਤ ਮੁਲਜ਼ਮਾਂ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 8, 12, 13 (2) ਅਤੇ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਧੀਨ ਐਫ.ਆਈ.ਆਰ. ਨੰਬਰ 18 ਮਿਤੀ 22-09-2022 ਨੂੰ ਦਰਜ ਕੀਤੀ ਹੋਈ ਹੈ। 

ਉਨ੍ਹਾਂ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਸਿੰਗਲਾ ਨੇ ਸਾਬਕਾ ਮੰਤਰੀ ਅਤੇ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਰਿਸ਼ਵਤਾਂ ਲੈ ਕੇ ਠੇਕੇਦਾਰਾਂ ਨੂੰ ਵੱਡੀਆਂ ਕੀਮਤਾਂ ‘ਤੇ ਟੈਂਡਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਠੇਕੇਦਾਰਾਂ ਨੇ ਮੰਡੀਆਂ ਤੋਂ ਗੋਦਾਮਾਂ ਤੱਕ ਅਨਾਜ ਦੀ ਢੋਆ-ਢੁਆਈ ਲਈ ਟਰੈਕਟਰ, ਹਾਰਵੈਸਟਰ ਕੰਬਾਈਨਾਂ, ਦੋ ਪਹੀਆ ਵਾਹਨਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਦੇ ਕੇ ਜਾਅਲੀ ਦਸਤਾਵੇਜ਼ ਜਮ੍ਹਾਂ ਕਰਵਾਏ ਹਨ।

ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ 7 ਮੁਲਜ਼ਮਾਂ ਵਿੱਚੋਂ ਠੇਕੇਦਾਰ ਤੇਲੂ ਰਾਮ, ਭਾਰਤ ਭੂਸ਼ਣ ਆਸ਼ੂ ਅਤੇ ਉਹਨਾਂ ਦੇ ਨਿੱਜੀ ਸਕੱਤਰ ਮੀਨੂ ਮਲਹੋਤਰਾ ਦਾ ਚਲਾਨ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾ ਚੁੱਕਾ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਖੁਰਾਕ ਅਤੇ ਜਨਤਕ ਵੰਡ ਕੰਟਰੋਲਰ ਰਾਕੇਸ਼ ਭਾਸਕਰ ਦਾ ਦਿਹਾਂਤ ਹੋ ਚੁੱਕਾ ਹੈ।

ਇਸ ਸਬੰਧੀ ਮੁਕੱਦਮੇ ਦੀ ਸੁਣਵਾਈ ਦੌਰਾਨ ਉਕਤ ਕਥਿਤ ਮੁਲਜ਼ਮ ਆਰ.ਕੇ. ਸਿੰਗਲਾ ਵੱਲੋਂ ਅਦਾਲਤ ‘ਚ ਪੇਸ਼ ਨਾ ਹੋਣ ਕਰਕੇ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਹੈ। ਆਰ.ਕੇ. ਸਿੰਗਲਾ ਦੇ ਨਾਲ ਮੁਲਜ਼ਮ ਠੇਕੇਦਾਰਾਂ ਅਜੇ ਪਾਲ ਅਤੇ ਯਸ਼ ਪਾਲ ਦੇ ਖਿਲਾਫ਼ ਇੱਕ ਹੋਰ ਸਪਲੀਮੈਂਟਰੀ ਚਲਾਣ ਜਲਦ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Leave a Reply

Your email address will not be published. Required fields are marked *