ਪੰਜਾਬ ਦੇ ਬਿਜਲੀ ਮੁਲਾਜ਼ਮ ਅੱਜ ਤੋਂ ਕਰਨਗੇ ਤਿੰਨ ਦਿਨਾਂ ਹੜਤਾਲ
ਚੰਡੀਗੜ੍ਹ, 10 ਸਤੰਬਰ,ਬੋਲੇ ਪੰਜਾਬ ਬਿਊਰੋ:
ਪੰਜਾਬ ਦੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੂੰ ਵੀ ਹੜਤਾਲ ‘ਤੇ ਜਾਣਾ ਪੈ ਰਿਹਾ ਹੈ। ਸਾਰੇ ਮੁਲਾਜ਼ਮ ਅੱਜ ਮੰਗਲਵਾਰ ਤੋਂ 3 ਦਿਨ ਹੜਤਾਲ ‘ਤੇ ਰਹਿਣਗੇ। ਜੁਆਇੰਟ ਫੋਰਮ ਪੰਜਾਬ, ਬਿਜਲੀ ਮੁਲਾਜ਼ਮ ਏਕਤਾ ਫੋਰਮ ਅਤੇ ਜੂਨੀਅਰ ਇੰਜਨੀਅਰ ਐਸੋਸੀਏਸ਼ਨ ਨੇ ਸਰਕਾਰ ’ਤੇ ਉਨ੍ਹਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਣ ਦੇ ਦੋਸ਼ ਲਾਏ ਹਨ।ਇਸ ਦੌਰਾਨ ਇਸ ਗੱਲ ਦੀ ਚਿੰਤਾ ਰਹੇਗੀ ਕਿ ਜੇਕਰ ਕਿਤੇ ਕੋਈ ਨੁਕਸ ਪੈ ਗਿਆ ਤਾਂ ਉਸ ਨੂੰ ਜਲਦੀ ਠੀਕ ਨਹੀਂ ਕੀਤਾ ਜਾਵੇਗਾ ਅਤੇ ਖਪਤਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
6 ਸਤੰਬਰ ਨੂੰ ਤਿੰਨਾਂ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ., ਬਿਜਲੀ ਸਕੱਤਰ ਪੰਜਾਬ ਅਤੇ ਮੈਨੇਜਮੈਂਟ ਨਾਲ ਮੀਟਿੰਗ ਕੀਤੀ ਸੀ। ਇਹ ਮੀਟਿੰਗ ਬੇਸਿੱਟਾ ਰਹੀ। ਇਸ ਤੋਂ ਪਹਿਲਾਂ ਵੀ 31 ਜੁਲਾਈ ਨੂੰ ਹੋਈ ਮੀਟਿੰਗ ਬੇਸਿੱਟਾ ਰਹੀ ਸੀ। ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਉਨ੍ਹਾਂ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਹੈ।