ਪਟਿਆਲਾ 6 ਮਾਰਚ,ਬੋਲੇ ਪੰਜਾਬ ਬਿਓਰੋ: ਪਸ਼ੂ ਪਾਲਣ ਵਿਭਾਗ ਪੰਜਾਬ ਦੇ ਜਿਲ੍ਹੇ ਪਟਿਆਲੇ ਨਾਲ ਸੰਬੰਧਤ ਵੱਖ-ਵੱਖ ਫਾਰਮਾਂ ਵਿੱਚ ਲੰਮੇ ਸਮੇਂ ਤੋਂ ਕੰਮ ਕਰ ਰਹੇ ਕਾਮੇ ਸਰਕਾਰ ਵੱਲੋਂ ਪੱਕੇ ਨਾ ਕਰਨ ਤੇ ਤਨਖਾਹਾਂ ਨਾ ਮਿਲਣ ਦੇ ਰੋਸ ਵਜੋਂ ਅੱਜ ਵੱਖ-ਵੱਖ ਫਾਰਮਾਂ ਦੇ ਪਸ਼ੂ ਪਾਲਣ ਦਾ ਕੰਮ ਕਰ ਰਹੇ ਕਾਮੇ ਅਣਮਿੱਥੇ ਸਮੇਂ ਲਈ ਪਸ਼ੂ ਪਾਲਣ ਵਰਕਰ ਯੂਨੀਅਨ ਦੇ ਝ਼ੰਡੇ ਹੇਠ ਹੜਤਾਲ ਤੇ ਚਲੇ ਗਏ। ਜਦੋਂ ਇਸ ਗੱਲ ਦਾ ਅਧਿਕਾਰੀਆਂ ਨੂੰ ਪਤਾ ਲੱਗਾ ਤਾਂ ਉਹਨਾਂ ਹੱਥਾ ਪੈਰਾ ਦੀ ਪੈ ਗਈ ਤੇ ਅਧਿਕਾਰੀਆ ਨੇ 10-03-2024 ਤੱਕ ਤਨਖਾਹ ਦੇਣ ਅਤੇ ਕੱਚੇ ਕਾਮੇ ਪੱਕੇ ਕਰਨ ਦਾ ਕੇਸ ਸਰਕਾਰ ਕੋਲ ਪਹਿਲ ਦੇ ਆਧਾਰ ਤੇ ਭੇਜਣ ਦਾ ਭਰੋਸਾ ਦਿੱਤਾ ਤਾਂ ਕਿਤੇ ਜਾ ਕੇ ਭੜਕੇ ਕਾਮੇ ਸ਼ਾਂਤ ਹੋਏ ਤੇ ਦੁਬਾਰਾ ਕੰਮ ਤੇ ਵਾਪਸ ਆਏ। ਪ੍ਰੈਸ ਦੇ ਨਾ ਬਿਆਨ ਜਾਰੀ ਕਰਦਿਆਂ ਜਨਤਕ ਜੱਥੇਬੰਦੀਆਂ ਦੇ ਕਨਵੀਨਰ ਦਰਸ਼ਨ ਬੇਲੂਮਾਜਰਾ, ਫੈਡਰੇਸ਼ਨ ਆਗੂ ਲਖਵਿੰਦਰ ਖਾਨਪੁਰ, ਜਸਵੀਰ ਖੋਖਰ, ਜਸਵਿੰਦਰ ਸੌਜਾ ਤੇ ਦਿਆਲ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਅਧਿਕਾਰੀਆਂ ਵੱਲੋਂ 10-03-2024 ਤੱਕ ਰਹਿੰਦੀਆਂ ਤਨਖਾਹਾਂ ਜਾਰੀ ਨਾ ਕੀਤੀਆਂ ਅਤੇ ਵਧੀਆਂ ਤਨਖਾਹਾਂ ਦੇ ਬਕਾਏ ਜਾਰੀ ਨਾ ਕੀਤੇ ਤੇ ਕੱਚੇ ਕਾਮਿਆਂ ਦੀਆਂ ਲਿਸਟਾਂ ਬਣਾ ਕੇ ਸਰਕਾਰ ਨੂੰ ਨਾ ਭੇਜੀਆਂ ਤਾਂ 12-03-2024 ਤੋਂ ਡਿਪਟੀ ਡਾਇਰੈਕਟਰ ਦਫਤਰ ਰੌਣੀ ਫਾਰਮ ਪਟਿਆਲ਼ਾ ਅੱਗੇ ਵਿਸ਼ਾਲ ਰੋਸ ਰੈਲੀ ਕਰਨ ਉਪਰੰਤ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜਿਸ ਤੇ ਨਿਕਲਣ ਵਾਲੇ ਸਿੱਟਿਆਂ ਦੇ ਜਿੰਮੇਵਾਰ ਇਹ ਅਧਿਕਾਰੀ ਹੋਣਗੇ। ਮੁਲਾਜਮ ਆਗੂਆਂ ਨੇ ਕਿਹਾ ਕਿ ਲਗਾਤਾਰ 25 ਸਾਲ ਤੋਂ ਬਤੌਰ ਕੱਚੇ ਕਾਮੇ ਕੰਮ ਕਰ ਰਹੇ ਹਨ। ਸਰਕਾਰ ਨੇ ਇਹਨਾਂ ਨੂੰ ਪੱਕੇ ਕਰਨ ਦੇ ਬਜਾਏ ਇਹਨਾਂ ਦੀ ਤਨਖਾਹਾਂ ਰੋਕ ਕੇ ਇਹਨਾਂ ਦੇ ਬਲਦੇ ਚੁੱਲੇ ਵੀ ਠੰਡੇ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਉਹ ਜਿੱਥੇ ਆਪਣੀਆਂ ਸਥਾਨਕ ਮੰਗਾਂ ਲਈ ਲੜਾਈ ਕਰਨਗੇ, ਉੱਥੇ ਸਰਕਾਰ ਦੇ ਖਿਲਾਫ਼ ਆਪਣਾ ਰੋਜਗਾਰ ਪੱਕਾ ਕਰਵਾਉਣ ਲਈ ਤਿੱਖਾ ਸੰਘਰਸ਼ ਵਿੱਢਣਗੇ। ਅੱਜ ਵੱਖ-ਵੱਖ ਜਗ੍ਹਾ ਤੇ ਹੋਏ ਸੰਘਰਸ਼ਾਂ ਦੀ ਅਗਵਾਈ ਗੁਰਜੰਟ ਸਿੰਘ, ਅਰੁਣ ਕੁਮਾਰ, ਤਰਸੇਮ ਸਿੰਘ, ਗੁਰਮੀਤ ਸਿੰਘ, ਭਜਨ ਸਿੰਘ ਲੰਗ, ਮਾਨ ਸਿੰਘ, ਗੁਰਜੀਤ ਸਿੰਘ, ਹਰਬੰਸ ਸਿੰਘ, ਮਨਪ੍ਰੀਤ ਸਿੰਘ, ਮੋਹਨ ਪਾਲ, ਮਿੱਠੂ ਸਿੰਘ ਤੇ ਲਾਲੀ ਨੇ ਕੀਤੀ। ਮੁਲਾਜਮਾਂ ਆਗੂਆਂ ਨੇ ਫੈਸਲਾ ਕੀਤਾ ਕਿ 12-03-2024 ਦੀ ਰੈਲੀ ਵਿੱਚ ਸਮੁੱਚੇ ਮੁਲਾਜਮ ਵਹੀਰਾ ਕੱਤ ਕੇ ਸ਼ਾਮਲ ਹੋਣਗੇ। ਤੇ ਅਧਿਕਾਰੀਆਂ ਤੇ ਸਰਕਾਰ ਦੇ ਖਿਲਾਫ਼ ਆਰ ਪਾਰ ਦੀ ਲੜਾਈ ਸੁਰੂ ਕਰਨਗੇ