ਸੰਗਰੂਰ ਵਿਖੇ ਜਥੇਬੰਦੀ ਦੀ ਹੋਈ ਸੂਬਾ ਪੱਧਰੀ ਮੀਟਿੰਗ
ਸੰਗਰੂਰ, 08 ਸਤੰਬਰ, ਬੋਲੇ ਪੰਜਾਬ ਬਿਊਰੋ :
ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਨਿਭਾ ਰਹੇ ਲਾਇਬ੍ਰੇਰੀਅਨਾਂ ਦੀ ਅੱਜ ਬਨਾਸਰ ਬਾਗ਼, ਸੰਗਰੂਰ ਵਿਖੇ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਪੂਰੇ ਪੰਜਾਬ ਭਰ ਵਿੱਚੋਂ ਸਮੂਹ ਲਾਇਬ੍ਰੇਰੀਅਨ ਕੇਡਰ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੌਰਾਨ ਲਾਇਬ੍ਰੇਰੀਅਨਾਂ ਨਾਲ ਸਬੰਧਿਤ ਮਸਲਿਆਂ ਜਿਵੇਂ ਕਿ ਬਣਦਾ ਪੇਅ-ਸਕੇਲ ਬਹਾਲ ਕਰਾਉਣਾ, ਲਾਇਬ੍ਰੇਰੀਅਨ ਦੀ ਯੋਗਤਾ ਅਤੇ ਤਰੱਕੀ ਦਾ ਮਿਆਰ ਨਿਸ਼ਚਿਤ ਕਰਨਾ। ਇਸ ਤੋਂ ਇਲਾਵਾ ਆਪਣੇ ਘਰਾਂ ਤੋਂ ਸੈਂਕੜੇ ਕਿਲੋਮੀਟਰ ਦੂਰ ਬੈਠੇ ਲਾਇਬ੍ਰੇਰੀਅਨਾਂ ਨੂੰ ਬਦਲੀਆਂ ਦਾ ਵਿਸ਼ੇਸ ਮੌਕਾ ਦੇਣ ਆਦਿ ਮੁੱਦਿਆਂ ਉੱਪਰ ਵਿਚਾਰ ਵਿਟਾਂਦਰਾ ਕੀਤਾ ਗਿਆ।
ਇਸ ਮੌਕੇ ‘ਤੇ ਡੀ ਟੀ ਐੱਫ ਦੇ ਸੂਬਾ ਪ੍ਰਧਾਨ ਵਿਕਰਮਦੇਵ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਟੀ ਐੱਫ ਦੇ ਜਿਲਾ ਪ੍ਰਧਾਨ ਸੁਖਵਿੰਦਰ ਗਿਰ ਨੇ ਅਗਵਾਈ ਕਰਦਿਆਂ ਯੂਨੀਅਨ ਨੂੰ ਸਮਰਥਨ ਦਿੰਦਿਆਂ ਕਿਹਾ ਕਿ ਡੀ ਟੀ ਐੱਫ ਹਰ ਮੁੱਦੇ ਤੇ ਤੁਹਾਡੇ ਨਾਲ ਹੈ। ਉਹਨਾਂ ਨੇ ਮੁੱਢਲੇ ਢਾਂਚੇ ਤੋਂ ਜਾਣੂ ਕਰਵਾਉਂਦਿਆਂ ਅਗਲੇਰੇ ਸੰਘਰਸ਼ ਦੀ ਰੂਪ ਰੇਖਾ ਤੋਂ ਜਾਣੂ ਕਰਵਾਇਆਂ। ਇਸ ਤੋਂ ਇਲਾਵਾ ਮੁੜ ਲਾਇਬ੍ਰੇਰੀਅਨ ਦੀ ਯੂਨੀਅਨ ਵੱਲੋਂ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਅਤੇ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਨੂੰ ਲੈ ਕੇ ਕੰਪਿਊਟਰ ਅਧਿਆਪਕਾਂ ਵੱਲੋਂ ਲਗਾਏ ਜਾ ਰਹੇ ਪੱਕੇ ਧਰਨੇ ਵਿੱਚ ਸਮੂਲ਼ੀਅਤ ਕੀਤੀ ਅਤੇ ਆਪਣੇ ਸਮਰਥਨ ਦਾ ਐਲਾਨ ਕੀਤਾ। ਇਸ ਸਮੇਂ ਕੰਪਿਊਟਰ ਅਧਿਆਪਕ ਯੂਨੀਅਨ ਵੱਲੋਂ ਸਾਰਿਆਂ ਨੂੰ ਇੱਕ ਜੁੱਟ ਹੋ ਕੇ ਲੜਨ ਦੀ ਬੇਨਤੀ ਕਰਦਿਆਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਲਾਇਬਰੇਰੀਅਨ ਯੂਨੀਅਨ ਦੀਆਂ ਮੰਗਾਂ ਸੰਬੰਧੀ ਪੂਰਨ ਸਮਰਥਨ ਦਿੱਤਾ ਜਾਵੇਗਾ।
ਇਸ ਸਮੇਂ ਲਾਇਬਰੇਰੀਅਨ ਯੂਨੀਅਨ ਵੱਲੋਂ ਫੈਸਲਾ ਲਿਆ ਗਿਆ ਹੈ ਸੰਬੰਧਿਤ ਮਸਲਿਆਂ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਮੰਤਰੀ ਨਾਲ ਮੀਟਿੰਗ ਨਹੀਂ ਮਿਲਦੀ ਅਤੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਜਲਦ ਹੀ ਸਿੱਖਿਆ ਮੰਤਰੀ ਦਾ ਘਿਰਾਓ ਕਰਕੇ ਆਪਣਾ ਰੋਸ ਪ੍ਰਗਟ ਕੀਤਾ ਜਾਵੇਗਾ। ਇਸ ਸਮੇਂ ਯੂਨੀਅਨ ਦੇ ਸੂਬਾ ਕਨਵੀਨਰ ਰਾਜਿੰਦਰ ਸਿੰਘ ਅਤੇ ਵੱਡੀ ਗਿਣਤੀ ਵਿੱਚ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਥੀ ਸ਼ਾਮਿਲ ਸਨ।