ਮੁਹਾਲੀ : ਸੈਕਟਰ 66 ‘ਚ ਖੁੱਲ੍ਹ ਰਹੇ ਠੇਕੇ ਦੇ ਖਿਲਾਫ ਇਲਾਕਾ ਵਾਸੀਆਂ ਨੇ ਦਿੱਤਾ ਧਰਨਾ
ਮੋਹਾਲੀ, 08 ਸਤੰਬਰ,ਬੋਲੇ ਪੰਜਾਬ ਬਿਊਰੋ :
ਮੋਹਾਲੀ ਦੇ ਸੈਕਟਰ 66 ਵਿੱਚ ਮੰਡੀ ਬੋਰਡ ਅਤੇ ਮੰਦਰ ਦੇ ਨੇੜੇ ਪਾਰਕ ਵਿੱਚ ਸ਼ਰਾਬ ਦਾ ਠੇਕਾ ਖੋਲਣ ਦੀ ਕੋਸ਼ਿਸ਼ ਦਾ ਇੱਥੋਂ ਦੇ ਵਸਨੀਕਾਂ ਨੇ ਜ਼ੋਰਦਾਰ ਵਿਰੋਧ ਕੀਤਾ ਅਤੇ ਧਰਨਾ ਦਿੱਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਮੋਹਾਲੀ ਨਜ਼ਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਧਰਨੇ ਵਿੱਚ ਪੁੱਜੇ ਅਤੇ ਧਰਨਾਕਾਰੀਆਂ ਦੇ ਨਾਲ ਬੈਠੇ। ਉਹਨਾਂ ਇਸ ਮੌਕੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹ ਠੇਕਾ ਨਾ ਚੁੱਕਿਆ ਗਿਆ ਤਾਂ ਉਹ ਇਸ ਦੇ ਖਿਲਾਫ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਉਹਨਾਂ ਕਿਹਾ ਕਿ ਪਹਿਲਾਂ ਵੀ ਗ੍ਰੀਨ ਬੈਲਟਾਂ ਤੋਂ ਸ਼ਰਾਬ ਦੇ ਠੇਕੇ ਚੁਕਵਾਉਣ ਲਈ ਉਹਨਾਂ ਨੇ ਬਕਾਇਦਾ ਹਾਈ ਕੋਰਟ ਵਿੱਚ ਕੇਸ ਦਾਇਰ ਕੀਤਾ ਸੀ ਜਿਸ ਤੋਂ ਬਾਅਦ ਗਰੀਨ ਬੈਲਟਾਂ ਤੋਂ ਸ਼ਰਾਬ ਦੇ ਠੇਕੇ ਚੁਕਵਾਏ ਗਏ ਸਨ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਇਹ ਠੇਕਾ ਬਹੁਤ ਗਲਤ ਜਗ੍ਹਾ ਤੇ ਬਗੈਰ ਪੁਲਿਸ ਪਰਮਿਸ਼ਨ ਤੋਂ ਅਤੇ ਇਲਾਕੇ ਦੀਆਂ ਵੱਖ-ਵੱਖ ਵੈਲਫੇਅਰ ਐਸੋਸੀਏਸ਼ਨਾਂ ਦੀ ਐਨਓਸੀ ਲਏ ਬਗੈਰ ਹੀ ਖੋਲਿਆ ਜਾ ਰਿਹਾ ਸੀ ਜਿਸ ਦਾ ਲੋਕਾਂ ਵਿੱਚ ਭਾਰੀ ਰੋਸ ਅਤੇ ਦੁੱਖ ਵੀ ਹੈ। ਇਸ ਮੌਕੇ ਮਾਸਟਰ ਚਰਨ ਸਿੰਘ ਕੌਂਸਲਰ, ਨਰਪਿੰਦਰ ਸਿੰਘ ਰੰਗੀ ਕੌਂਸਲਰ ਅਤੇ ਫੇਸ 10 ਦੇ ਸਮਾਜ ਸੇਵੀ ਸਿਮਰਨ ਸਿੰਘ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਹਾਜ਼ਰ ਸਨ। ਇਸ ਮੌਕੇ ਇਲਾਕਾ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ। ਇੱਥੇ ਜ਼ਿਕਰਯੋਗ ਹੈ ਕਿ ਇਸ ਦੇ ਨਾਲ ਹੀ ਹਾਈ ਟੈਂਸ਼ਨ ਤਾਰਾਂ ਵੀ ਗੁਜ਼ਰ ਰਹੀਆਂ ਹਨ ਜਿਸ ਕਾਰਨ ਇਥੇ ਠੇਕਾ ਬਣਾਉਣਾ ਬੇਹਦ ਖਤਰਨਾਕ ਵੀ ਹੈ।
ਇਲਾਕਾ ਵਾਸੀਆਂ ਵੱਲੋਂ ਧਰਨਾ ਦੇਣ ਤੋਂ ਬਾਅਦ ਮੌਕੇ ਤੇ ਫੇਸ 11 ਦੇ ਐਸਐਚ ਓ ਨੇ ਪੁੱਜ ਕੇ ਲੋਕਾਂ ਨੂੰ ਭਰੋਸਾ ਦਿੱਤਾ ਅਤੇ ਜਿੰਮੇਵਾਰੀ ਲਈ ਕਿ ਅਧਿਕਾਰੀਆਂ ਨਾਲ ਗੱਲਬਾਤ ਕਰ ਲਈ ਗਈ ਹੈ ਅਤੇ ਇੱਥੇ ਠੇਕਾ ਨਹੀਂ ਖੋਲਣ ਦਿੱਤਾ ਜਾਵੇਗਾ। ਇਲਾਕਾ ਵਾਸੀਆਂ ਨੇ ਐਸਐਚ ਓ ਵੱਲੋਂ ਦਿੱਤੇ ਗਏ ਭਰੋਸੇ ਤੋਂ ਬਾਅਦ ਧਰਨਾ ਚੁੱਕ ਲਿਆ ਪਰ ਨਾਲ ਹੀ ਇਹ ਤਾੜਨਾ ਵੀ ਕੀਤੀ ਕਿ ਜੇਕਰ ਇੱਥੇ ਠੇਕੇ ਵਾਲਿਆਂ ਨੇ ਦੁਬਾਰਾ ਕੰਮ ਸ਼ੁਰੂ ਕੀਤਾ ਤਾਂ ਇਸ ਦੇ ਖਿਲਾਫ ਮੁੜ ਧਰਨਾ ਮਾਰਿਆ ਜਾਵੇਗਾ ਅਤੇ ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ ਜਦੋਂ ਤੱਕ ਠੇਕੇਦਾਰ ਆਪਣਾ ਸਾਰਾ ਸਮਾਨ ਇਥੋਂ ਸਮੇਟ ਨਹੀਂ ਲੈਂਦਾ। ਇਲਾਕਾ ਵਾਸੀਆਂ ਨੇ ਐਸ ਐਚ ਓ ਨੂੰ ਇਹ ਵੀ ਇਹੀ ਬੇਨਤੀ ਕੀਤੀ ਕਿ ਜੋ ਮਟੀਰੀਅਲ ਲਿਆ ਕੇ ਇੱਥੇ ਅੱਧਾ ਅਧੂਰਾ ਠੇਕਾ ਤਿਆਰ ਕੀਤਾ ਗਿਆ ਹੈ ਉਹ ਵੀ ਫੌਰੀ ਤੌਰ ਤੇ ਚੁਕਵਾਇਆ ਜਾਵੇ।